ਅਬੋਹਰ, 11 ਸਤੰਬਰ, ਦੇਸ਼ ਕਲਿਕ ਬਿਊਰੋ :
ਫਾਜ਼ਿਲਕਾ ਦੇ ਪਿੰਡ ਕਟੈਹੜਾ ਵਿਖੇ ਸਰਕਾਰੀ ਸਕੂਲ ਦੇ ਅਧਿਆਪਕ ‘ਤੇ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲੱਗਾ ਹੈ। ਇਸ ਸਬੰਧੀ ਅੱਜ ਪਿੰਡ ਵਾਸੀਆਂ ਨੇ ਸਕੂਲ ਦੇ ਬਾਹਰ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਜੇਕਰ ਕੋਈ ਛੇੜਛਾੜ ਦਾ ਵਿਰੋਧ ਕਰਦਾ ਹੈ ਤਾਂ ਉਸ ਨਾਲ ਗਾਲੀ ਗਲੌਚ ਕੀਤੀ ਜਾਂਦੀ ਹੈ।
ਪਿੰਡ ਵਾਸੀਆਂ ਦੇ ਰੋਸ ਨੂੰ ਦੇਖਦਿਆਂ ਮੌਕੇ ’ਤੇ ਪੁਲੀਸ ਤਾਇਨਾਤ ਕਰ ਦਿੱਤੀ ਗਈ। ਪਿੰਡ ਦੀਆਂ ਔਰਤਾਂ ਸੰਤੋਸ਼, ਸੀਮਾ ਦੇਵੀ, ਬਿੰਦਰ ਅਤੇ ਮੰਜੂ ਰਾਣੀ ਨੇ ਦੱਸਿਆ ਕਿ ਪਿੰਡ ਦੀਆਂ ਲੜਕੀਆਂ ਸਕੂਲ ਵਿੱਚ ਪੜ੍ਹਦੀਆਂ ਹਨ, ਜਿੱਥੇ ਸਕੂਲ ਦਾ ਇੱਕ ਡੀਪੀ ਅਧਿਆਪਕ ਅਕਸਰ ਉਨ੍ਹਾਂ ਨਾਲ ਭੱਦੀ ਭਾਸ਼ਾ ਦੀ ਵਰਤੋਂ ਕਰਦਾ ਹੈ ਅਤੇ ਉਨ੍ਹਾਂ ਨਾਲ ਗਲਤ ਹਰਕਤਾਂ ਵੀ ਕਰਦਾ ਹੈ। ਲੜਕੀਆਂ ਨੇ ਮਾਪਿਆਂ ਨੂੰ ਦੱਸਿਆ ਤੇ ਇਸ ਤੋਂ ਬਾਅਦ ਉਹ ਗੁੱਸੇ ‘ਚ ਆ ਗਏ ਅਤੇ ਪਿੰਡ ਦੇ ਲੋਕਾਂ ਨਾਲ ਸਕੂਲ ਦੇ ਬਾਹਰ ਪਹੁੰਚ ਕੇ ਧਰਨਾ ਦਿੱਤਾ।
ਸਕੂਲ ਮੁਖੀ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਦੀ ਸ਼ਿਕਾਇਤ ਡੀਈਓ ਦੇ ਧਿਆਨ ਵਿੱਚ ਲਿਆਂਦੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪਿੰਡ ਦੇ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ।
Published on: ਸਤੰਬਰ 11, 2024 12:00 ਬਾਃ ਦੁਃ