ਅੰਮ੍ਰਿਤਸਰ, 14 ਸਤੰਬਰ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਦੇ ਇੱਕ ਘਰ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਸਹਿਤ ਲੈ ਲਿਆ ਗਿਆ ਹੈ। ਨਿਹੰਗ ਗਰੁੱਪ ਨੇ ਦੋਸ਼ ਲਾਇਆ ਕਿ ਜਿੱਥੇ ਇੱਕ ਪਾਸੇ ਇਸ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਸੀ, ਉੱਥੇ ਹੀ ਦੂਜੇ ਪਾਸੇ ਇਸੇ ਘਰ ਤੋਂ ਈਸਾਈ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ। ਹੰਗਾਮੇ ਦੌਰਾਨ ਪੁਲੀਸ ਨੂੰ ਵੀ ਮੌਕੇ ’ਤੇ ਪਹੁੰਚਣਾ ਪਿਆ।
ਇਹ ਘਟਨਾ ਅੰਮ੍ਰਿਤਸਰ ਦੇ ਵਾਈਟ ਐਵੇਨਿਊ ਦੀ ਹੈ। ਨਿਹੰਗ ਮਕਾਨ ਨੰਬਰ 26 ‘ਤੇ ਪਹੁੰਚ ਗਏ ਸਨ। ਇਹ ਘਰ ਈਸਾਈ ਧਰਮ ਅਪਣਾਉਣ ਵਾਲੇ ਜੋਗਿੰਦਰ ਸਿੰਘ ਦਾ ਹੈ।ਸਤਿਕਾਰ ਕਮੇਟੀ ਨੂੰ ਸੂਚਨਾ ਮਿਲੀ ਸੀ ਕਿ ਇਸ ਘਰ ਵਿਚ ਇਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਕੀਤਾ ਗਿਆ ਹੈ, ਜਦਕਿ ਦੂਜੇ ਪਾਸੇ ਇਸ ਘਰ ਵਿਚ ਈਸਾਈ ਧਰਮ ਦਾ ਪ੍ਰਚਾਰ ਹੁੰਦਾ ਹੈ।
ਹੰਗਾਮੇ ਤੋਂ ਬਾਅਦ ਪੁਲਿਸ ਨੂੰ ਵਿੱਚ ਆਉਣਾ ਪਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨਾਲ ਸੰਪਰਕ ਕੀਤਾ ਗਿਆ। SGPC ਨੇ ਗ੍ਰੰਥੀ ਸਿੰਘ ਨੂੰ ਘਰ ਭੇਜਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਸਹਿਤ ਘਰੋਂ ਲਿਆ। ਪਰਿਵਾਰ ਨੇ ਵੀ ਇਹ ਗੱਲ ਮੰਨ ਲਈ।