ਚੰਡੀਗੜ੍ਹ, 14 ਸਤੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਫਰੀਦਾਬਾਦ ਵਿੱਚ ਰੇਲਵੇ ਅੰਡਰਬ੍ਰਿਜ ਦੇ ਹੇਠਾਂ ਮੀਂਹ ਨਾਲ ਭਰੇ ਪਾਣੀ ਵਿੱਚ ਮਹਿੰਦਰਾ ਐਕਸਯੂਵੀ 700 ਗੱਡੀ ਡੁੱਬ ਗਈ। ਇਸ ਕਾਰਨ ਗੱਡੀ ਵਿੱਚ ਸਵਾਰ ਐਚਡੀਐਫਸੀ ਬੈਂਕ ਦੇ ਮੈਨੇਜਰ ਅਤੇ ਕੈਸ਼ੀਅਰ ਦੀ ਮੌਤ ਹੋ ਗਈ। ਇਹ ਘਟਨਾ ਬੀਤੀ ਰਾਤ (13 ਸਤੰਬਰ) ਰਾਤ 11:30 ਵਜੇ ਵਾਪਰੀ।
ਮ੍ਰਿਤਕਾਂ ਦੇ ਨਾਲ ਬੈਂਕ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਆਦਿਤਿਆ ਨੇ ਦੱਸਿਆ ਕਿ ਪੁਣਿਆ ਸ਼੍ਰੇ ਸ਼ਰਮਾ ਗੁਰੂਗ੍ਰਾਮ ਦੇ ਸੈਕਟਰ 31 ਵਿੱਚ ਐਚਡੀਐਫਸੀ ਬ੍ਰਾਂਚ ਵਿੱਚ ਮੈਨੇਜਰ ਤੇ ਵਿਰਾਜ ਦਿਵੇਦੀ ਕੈਸ਼ੀਅਰ ਸਨ। ਮੈਨੇਜਰ ਬੈਂਕ ਯੂਨੀਅਨ ਦਾ ਪ੍ਰਧਾਨ ਵੀ ਸੀ। ਪੁਣਿਆ ਸ਼੍ਰੇ ਸ਼ਰਮਾ ਫਰੀਦਾਬਾਦ ਦੇ ਓਮੈਕਸ ਸਿਟੀ ਵਿਚ ਰਹਿੰਦਾ ਸੀ ਅਤੇ ਵਿਰਾਜ ਗੁਰੂਗ੍ਰਾਮ ਵਿਚ ਰਹਿੰਦਾ ਸੀ।
ਆਦਿਤਿਆ ਨੇ ਦੱਸਿਆ ਕਿ ਵਿਰਾਜ ਨੇ ਅੱਜ (14 ਸਤੰਬਰ) ਸਵੇਰੇ ਕਿਸੇ ਕੰਮ ਲਈ ਦਿੱਲੀ ਜਾਣਾ ਸੀ। ਇਸ ਦੇ ਲਈ ਉਸ ਨੂੰ ਫਰੀਦਾਬਾਦ ਸਥਿਤ ਬੈਂਕ ਮੈਨੇਜਰ ਦੇ ਘਰ ਰਹਿਣਾ ਪਿਆ। ਅਜਿਹੇ ‘ਚ ਰਾਤ ਨੂੰ ਬੈਂਕ ‘ਚ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਵਿਰਾਜ ਮੈਨੇਜਰ ਦੇ ਨਾਲ ਆਪਣੀ ਕਾਰ ‘ਚ ਫਰੀਦਾਬਾਦ ਲਈ ਰਵਾਨਾ ਹੋ ਗਿਆ। ਵਿਰਾਜ ਕਾਰ ਚਲਾ ਰਿਹਾ ਸੀ।
ਇਸ ਦੌਰਾਨ ਜਿਵੇਂ ਹੀ ਉਹ ਪੁਰਾਣੇ ਫਰੀਦਾਬਾਦ ਸਥਿਤ ਰੇਲਵੇ ਅੰਡਰਬ੍ਰਿਜ ਨੇੜੇ ਪਹੁੰਚੇ ਤਾਂ ਉੱਥੇ ਕਾਫੀ ਪਾਣੀ ਭਰਿਆ ਹੋਇਆ ਸੀ। ਇੱਥੇ ਕੋਈ ਬੈਰੀਕੇਡਿੰਗ ਨਹੀਂ ਸੀ। ਵਿਰਾਜ ਨੇ ਕਾਰ ਨੂੰ ਪਾਣੀ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਪਾਣੀ ਬਹੁਤ ਜ਼ਿਆਦਾ ਸੀ, ਜਿਸ ਕਾਰਨ ਗੱਡੀ ਰੁਕ ਗਈ ਅਤੇ ਲਾਕ ਹੋ ਗਈ। ਇਸ ਤੋਂ ਬਾਅਦ ਕਾਰ ਪਾਣੀ ਨਾਲ ਭਰ ਗਈ। ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ।