ਸੁਨੀਤਾ ਵਿਲੀਅਮਜ਼ ਤੇ ਸਾਥੀ ਨੇ ਪੁਲਾੜ ਸਟੇਸ਼ਨ ਤੋਂ ਕੀਤੀ ਪ੍ਰੈਸ ਕਾਨਫਰੰਸ, ਅਮਰੀਕੀ ਚੋਣਾਂ ‘ਚ ਸਪੇਸ ਤੋਂ ਪਾਉਣਗੇ ਵੋਟ
ਵਾਸਿੰਗਟਨ, 14 ਸਤੰਬਰ, ਦੇਸ਼ ਕਲਿਕ ਬਿਊਰੋ :
ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ ਦੇ ਸਾਥੀ ਬੁਚ ਵਿਲਮੋਰ, ਜੋ ਕਿ 100 ਦਿਨਾਂ ਤੋਂ ਪੁਲਾੜ ਵਿੱਚ ਫਸੇ ਹੋਏ ਸਨ, ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਇੱਕ ਪ੍ਰੈਸ ਕਾਨਫਰੰਸ ਕੀਤੀ। ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 12.15 ਵਜੇ ਸ਼ੁਰੂ ਹੋਈ ਇਸ ਕਾਨਫਰੰਸ ਵਿੱਚ ਸੁਨੀਤਾ ਅਤੇ ਬੁੱਚ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ। ਦੋਵਾਂ ਨੇ ਕਿਹਾ ਕਿ ਉਹ ਅਮਰੀਕੀ ਚੋਣਾਂ ਵਿੱਚ ਪੁਲਾੜ ਤੋਂ ਵੋਟ ਪਾਉਣਗੇ।
ਵੋਟਿੰਗ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਬੁੱਚ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਹੀ ਵੋਟਿੰਗ ਨਾਲ ਸਬੰਧਤ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਹ ਇੱਕ ਮਹੱਤਵਪੂਰਨ ਫਰਜ਼ ਹੈ। ਨਾਸਾ ਇਸ ‘ਤੇ ਕੰਮ ਕਰ ਰਿਹਾ ਹੈ ਕਿ ਅਸੀਂ ਵੋਟ ਕਿਵੇਂ ਪਾ ਸਕਦੇ ਹਾਂ। ਸੁਨੀਤਾ ਵਿਲੀਅਮਜ਼ ਨੇ ਕਿਹਾ ਕਿ ਉਹ ਸਪੇਸ ਤੋਂ ਵੋਟਿੰਗ ਨੂੰ ਲੈ ਕੇ ਉਤਸ਼ਾਹਿਤ ਹੈ।
ਜ਼ਿਕਰਯੋਗ ਹੈ ਕਿ ਸੁਨੀਤਾ ਅਤੇ ਬੁੱਚ ਨੇ 5 ਜੂਨ ਨੂੰ ਪੁਲਾੜ ਸਟੇਸ਼ਨ ਲਈ ਉਡਾਣ ਭਰੀ ਸੀ। ਉਹ 6 ਜੂਨ ਨੂੰ ਪੁਲਾੜ ਸਟੇਸ਼ਨ ਪਹੁੰਚੇ ਸਨ। ਉਨ੍ਹਾਂ ਨੇ 13 ਜੂਨ ਨੂੰ ਵਾਪਸ ਆਉਣਾ ਸੀ। ਪਰ ਨਾਸਾ ਦੇ ਬੋਇੰਗ ਸਟਾਰਲਾਈਨਰ ਪੁਲਾੜ ਯਾਨ ਵਿੱਚ ਤਕਨੀਕੀ ਖਰਾਬੀ ਕਾਰਨ ਉਨ੍ਹਾਂ ਦੀ ਵਾਪਸੀ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਦੋਵਾਂ ਦੀ 2025 ਵਿੱਚ ਹੀ ਵਾਪਸੀ ਹੋਣ ਦੀ ਸੰਭਾਵਨਾ ਹੈ।