ਨਵੀਂ ਦਿੱਲੀ: 15 ਸਤੰਬਰ, ਦੇਸ਼ ਕਲਿੱਕ ਬਿਓਰੋ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਤਿਹਾੜ ਤੋਂ ਰਿਹਾਅ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਦਫ਼ਤਰ ਪੁੱਜੇ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ‘ਆਪ’ ਨੇਤਾ ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਆਤਿਸ਼ੀ ਵੀ ਮੌਜੂਦ ਹਨ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ‘ਆਪ’ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਦੋ ਦਿਨਾਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਜਾ ਰਿਹਾ ਹਾਂ। ਮੇਰੇ ਵਾਂਗ ਮਨੀਸ਼ ਸਿਸੋਦੀਆ ਵੀ ਉਦੋਂ ਤੱਕ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਦਾ ਅਹੁਦਾ ਨਹੀਂ ਸੰਭਾਲਣਗੇ। ਜਦੋਂ ਤੱਕ ਜਨਤਾ ਇਹ ਨਹੀਂ ਕਹਿੰਦੀ ਕਿ ਅਸੀਂ ਇਮਾਨਦਾਰ ਹਾਂ। ਜੇਕਰ ਤੁਸੀਂ ਕੇਜਰੀਵਾਲ ਨੂੰ ਇਮਾਨਦਾਰ ਸਮਝਦੇ ਹੋ ਤਾਂ ਚੋਣਾਂ ‘ਚ ਉਤਸ਼ਾਹ ਨਾਲ ਵੋਟ ਪਾਓ।
ਕੇਜਰੀਵਾਲ ਨੇ ਕਿਹਾ ਕਿ ਅੱਜ ਮੈਂ ਜਨਤਾ ਦੀ ਕਚਹਿਰੀ ‘ਚ ਆਇਆ ਹਾਂ। ਮੈਂ ਤੁਹਾਨੂੰ ਇਹ ਪੁੱਛਣ ਆਇਆ ਹਾਂ ਕਿ ਕੀ ਤੁਸੀਂ ਕੇਜਰੀਵਾਲ ਨੂੰ ਇਮਾਨਦਾਰ ਮੰਨਦੇ ਹੋ ਜਾਂ ਅਪਰਾਧੀ? ਮੈਂ ਉਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ ‘ਤੇ ਨਹੀਂ ਬੈਠਾਂਗਾ ਜਦੋਂ ਤੱਕ ਤੁਸੀਂ ਮੈਨੂੰ ਅਜਿਹਾ ਕਰਨ ਲਈ ਨਹੀਂ ਕਹੋਗੇ। ਮੈਂ ਅਸਤੀਫਾ ਦੇ ਰਿਹਾ ਹਾਂ ਕਿਉਂਕਿ ਉਨ੍ਹਾਂ ਨੇ ਮੇਰੇ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ। ਮੈਂ ਅਜਿਹਾ ਕਰਨ ਲਈ ਰਾਜਨੀਤੀ ਵਿੱਚ ਨਹੀਂ ਆਇਆ। ਮੈਂ ਪੈਸੇ ਨਾਲ ਸੱਤਾ ਅਤੇ ਪੈਸੇ ਰਾਹੀਂ ਸੱਤਾ ਹਾਸਲ ਕਰਨ ਲਈ ਰਾਜਨੀਤੀ ਵਿੱਚ ਨਹੀਂ ਆਇਆ।