ਵਾਸਿੰਗਟਨ, 16 ਸਤੰਬਰ, ਦੇਸ਼ ਕਲਿਕ ਬਿਊਰੋ :
ਅਮਰੀਕੀ ਸੂਬੇ ਫਲੋਰੀਡਾ ‘ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਇੰਟਰਨੈਸ਼ਨਲ ਗੋਲਫ ਕਲੱਬ ਨੇੜੇ ਗੋਲੀਬਾਰੀ ਹੋਣ ਦੀ ਖਬਰ ਹੈ। ਉਨ੍ਹਾਂ ਦੀ ਮੁਹਿੰਮ ਟੀਮ ਅਤੇ ਸੀਕ੍ਰੇਟ ਸਰਵਿਸ ਨੇ ਜਾਣਕਾਰੀ ਦਿੱਤੀ ਹੈ ਕਿ ਟਰੰਪ ਸੁਰੱਖਿਅਤ ਹਨ।
ਐਫਬੀਆਈ ਦਾ ਕਹਿਣਾ ਹੈ ਕਿ ਇਹ ਘਟਨਾ ਟਰੰਪ ‘ਤੇ ਜਾਨਲੇਵਾ ਹਮਲੇ ਦੀ ਤਰ੍ਹਾਂ ਜਾਪਦੀ ਹੈ। ਜਦੋਂ ਟਰੰਪ ਗੋਲਫ ਖੇਡ ਰਹੇ ਸਨ, ਸੀਕ੍ਰੇਟ ਸਰਵਿਸ ਨੇ ਇੱਕ ਵਿਅਕਤੀ ਨੂੰ ਗੋਲਫ ਕਲੱਬ ਵਿੱਚ ਏਕੇ ਸਟਾਈਲ ਰਾਈਫਲ ਵੱਲ ਨਿਸ਼ਾਨਾ ਲਾਉਂਦੇ ਦੇਖਿਆ।
ਇਸ ਤੋਂ ਬਾਅਦ ਸੀਕ੍ਰੇਟ ਸਰਵਿਸ ਨੇ ਉਸ ਵਿਅਕਤੀ ‘ਤੇ ਗੋਲੀਬਾਰੀ ਕੀਤੀ। ਹਾਲਾਂਕਿ, ਉਹ ਆਪਣੀ ਬੰਦੂਕ ਉੱਥੇ ਹੀ ਛੱਡ ਕੇ SUV ਵਿੱਚ ਫਰਾਰ ਹੋ ਗਿਆ। ਉਸ ਨੂੰ ਨੇੜਲੀ ਕਾਉਂਟੀ ਵਿਚ ਹਿਰਾਸਤ ਵਿਚ ਲੈ ਲਿਆ ਗਿਆ।
ਘਟਨਾ ਭਾਰਤੀ ਸਮੇਂ ਮੁਤਾਬਕ ਐਤਵਾਰ ਰਾਤ 11:30 ਵਜੇ ਵਾਪਰੀ, ਉਸ ਸਮੇਂ ਅਮਰੀਕਾ ‘ਚ ਦੁਪਹਿਰ ਦੇ 2 ਵਜੇ ਸਨ। ਗੋਲੀਬਾਰੀ ਤੋਂ ਤੁਰੰਤ ਬਾਅਦ ਗੋਲਫ ਕੋਰਸ ਨੂੰ ਤਾਲਾ ਲਗਾ ਦਿੱਤਾ ਗਿਆ ਸੀ।
ਗੋਲੀਬਾਰੀ ਦੀ ਘਟਨਾ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਿਹਤਮੰਦ ਹਨ। ਇੱਕ ਈਮੇਲ ਵਿੱਚ, ਉਨ੍ਹਾਂ ਲਿਖਿਆ ਕਿ ਮੇਰੇ ਨੇੜੇ ਗੋਲੀਆਂ ਚਲਾਈਆਂ ਗਈਆਂ, ਪਰ ਅਫਵਾਹਾਂ ਫੈਲਣ ਤੋਂ ਪਹਿਲਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸੁਰੱਖਿਅਤ ਹਾਂ ਅਤੇ ਮੈਨੂੰ ਕੋਈ ਨਹੀਂ ਰੋਕ ਸਕਦਾ! ਮੈਂ ਕਦੇ ਹਾਰ ਨਹੀਂ ਮੰਨਾਂਗਾ! ਤੁਹਾਡੇ ਸਹਿਯੋਗ ਲਈ ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਾਂਗਾ।