ਮੋਰਿੰਡਾ, 16 ਸਤੰਬਰ (ਭਟੋਆ )
ਬੇਸ਼ੱਕ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਸਫਾਈ ਵਿਵਸਥਾ ਵਿੱਚ ਸੁਧਾਰ ਲਿਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਜਮੀਨੀ ਹਕੀਕਤ ਹਾਲੇ ਵੀ ਨਗਰ ਕੌਂਸਲ ਦੇ ਸਫਾਈ ਵਿੰਗ ਦੇ ਦਾਅਵਿਆਂ ਦੀ ਪੋਲ ਖੋਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਕਈ ਥਾਵਾਂ ਤੇ ਖੁੱਲੀਆਂ ਸੜਕਾਂ ‘ਤੇ ਫੈਲਿਆ ਕੂੜਾ ਕਰਕਟ ਜਿੱਥੇ ਦਿਨੋ-ਦਿਨ ਉੱਡ ਕੇ ਦੂਰ ਦੂਰ ਤੱਕ ਫੈਲ ਅਤੇ ਦੁਰਗੰਧ ਫੈਲਾ ਰਿਹਾ ਹੈ , ਉੱਥੇ ਹੀ ਇਹਨਾਂ ਕੂੜੇ ਕਰਕਟ ਦੇ ਢੇਰਾਂ ਤੇ ਕੂੜਾ ਕਰਕਟ ਅਤੇ ਗੰਦਗੀ ਖਾ ਕੇ ਆਪਣਾ ਪੇਟ ਭਰ ਰਹੇ ਅਵਾਰਾ ਪਸ਼ੂ ਅਤੇ ਕੁੱਤੇ ਲੋਕਾਂ ਲਈ ਮੁਸੀਬਤਾਂ ਦਾ ਕਾਰਨ ਬਣੇ ਹੋਏ ਹਨ। ਇਸ ਸਬੰਧੀ ਯੂਥ ਵੈਲਫੇਅਰ ਕਲੱਬ ਦੇ ਸੀਨੀਅਰ ਆਗੂ ਡਾਕਟਰ ਜੋਗਿੰਦਰ ਸਿੰਘ , ਯੂਥ ਆਗੂ ਅਮਨਪ੍ਰੀਤ ਸਿੰਘ ਅਮਨਾ, ਐਡਵੋਕੇਟ ਸੁਖਬੀਰ ਸਿੰਘ ਸਿੱਧੂ, ਹੈਪੀ ਵਸ਼ਿਸ਼ਟ, ਵਿੱਕੀ ਸ਼ਰਮਾ, ਗੁਰਦੀਪ ਸਿੰਘ ਭੁੱਲਰ, ਸੁਖਦੀਪ ਸਿੰਘ ਭੰਗੂ, ਜਗਪਾਲ ਸਿੰਘ ਰੰਧਾਵਾ, ਗੁਰਦੀਪ ਸਿੰਘ, ਲਖਬੀਰ ਸਿੰਘ ਆਦਿ ਸ਼ਹਿਰ ਵਾਸੀਆਂ ਨੇ ਕਿਹਾ ਕਿ ਬੇਸ਼ੱਕ ਨਗਰ ਕੌਂਸਲ ਵਿੱਚ 150 ਦੇ ਕਰੀਬ ਕੱਚੇ ਪੱਕੇ ਸਫਾਈ ਕਾਮੇ ਕੰਮ ਕਰਦੇ ਹਨ ਪ੍ਰੰਤੂ ਫਿਰ ਵੀ ਸ਼ਹਿਰ ਵਿੱਚ ਸਫਾਈ ਵਿਵਸਥਾ ਦਾ ਮਾੜਾ ਹਾਲ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਗੰਦਗੀ ਦੇ ਲੱਗੇ ਢੇਰ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ , ਉੱਥੇ ਹੀ ਇਹਨਾਂ ਢੇਰਾਂ ਉੱਤੇ ਚਰਦੇ ਪਸ਼ੂ ਸੜਕ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਸ਼ਹਿਰ ਵਾਸੀਆਂ ਨੇ ਕਿਹਾ ਕਿ ਕੂੜਾ ਕਰਕੱਟ ਤੇ ਗੰਦਗੀ ਦੇ ਇਹਨਾਂ ਢੇਰਾਂ ਉੱਤੇ ਪੈਦਾ ਹੋ ਰਹੇ ਮੱਖੀ ਮੱਛਰ ਵੀ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਅਤੇ ਇਹਨਾਂ ਤੋਂ ਪੈਦਾ ਹੁੰਦੀ ਬਦਬੂ ਦੂਰ ਦੂਰ ਤੱਕ ਰਹਿਣ ਵਾਲੇ ਲੋਕਾਂ ਦਾ ਜੀਣਾ ਦੁੱਭਰ ਕਰ ਰਹੀ ਹੈ। ਪ੍ਰੰਤੂ ਨਗਰ ਕੌਂਸਲ ਦੇ ਸਬੰਧਤ ਅਧਿਕਾਰੀ ਲੋਕਾਂ ਦੀ ਇਸ ਸਮੱਸਿਆ ਦੇ ਹੱਲ ਲਈ ਗੰਭੀਰ ਦਿਖਾਈ ਨਹੀਂ ਦਿੰਦੇ। ਉਹਨਾਂ ਇਹ ਵੀ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਸਫਾਈ ਪੱਖੋਂ ਸ਼ਹਿਰ ਦਾ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਖਾਲੀ ਪਲਾਟਾਂ ਵਿਚ ਉੱਘੀ ਭੰਗ ਤੇ ਗਾਜਰ ਬੂਟੀ , ਨਸ਼ੇੜੀਆਂ, ਚੋਰਾਂ ਤੇ ਲੁਟੇਰਿਆਂ ਲਈ ਲੁਕਣਗਾਹ ਬਣੀ ਹੋਈ ਹੈ, ਜਿਸ ਕਾਰਨ ਸਕੂਲਾਂ ਕਾਲਜਾਂ ਵਿੱਚ ਜਾਣ ਵਾਲੇ ਛੋਟੇ ਬੱਚੇ ਤੇ ਲੜਕੀਆਂ ਅਤੇ ਔਰਤਾਂ ਇਨਾਂ ਪਲਾਟਾਂ ਕੋਲੋ ਇਕੱਲੇ ਲੰਘਣ ਸਮੇ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ, ਪਰੰਤੂ ਨਾ ਪਲਾਟ ਮਾਲਕ ਅਤੇ ਨਾ ਹੀ ਨਗਰ ਕੌਂਸਲ ਦੇ ਅਧਿਕਾਰੀ ਇਸ ਨੂੰ ਸਾਫ ਕਰਵਾਉਣ ਲਈ ਆਪਣੀ ਜਿੰਮੇਵਾਰੀ ਸਮਝ ਰਹੇ ਹਨ
ਉਹਨਾਂ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਲੋਕਲ ਬਾਡੀ ਨਾਲ ਸੰਬੰਧਿਤ ਏਡੀਸੀ ਰੂਪਨਗਰ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਸਫਾਈ ਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਸੈਨਟਰੀ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਤਾੜਨਾ ਕੀਤੀ ਜਾਵੇ।
ਉਧਰ ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹ ਸੋਮਵਾਰ ਹੀ ਸ਼ਹਿਰ ਵਿੱਚ ਸਫਾਈ ਪ੍ਰਬੰਧਾਂ ਲਈ ਸਖਤ ਹਦਾਇਤਾਂ ਕਰਨਗੇ।