ਅਕਾਲੀ ਆਗੂ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਨਹੀਂ ਰਹੇ

ਪੰਜਾਬ


ਚੰਡੀਗੜ੍ਹ, 16 ਸਤੰਬਰ, ਦੇਸ਼ ਕਲਿਕ ਬਿਊਰੋ :
ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਐਤਵਾਰ ਨੂੰ 91 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਸਿੱਖ ਧਰਮ ਦੇ ਪੰਥਕ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਵਿਸ਼ੇਸ਼ ਮੁਕਾਮ ਰੱਖਣ ਵਾਲੇ ਰੋਮਾਣਾ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੋਵਾਂ ਦੇ ਕਾਫੀ ਕਰੀਬ ਰਹੇ ਹਨ।
ਉਹ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਰਹਿਣ ਤੋਂ ਇਲਾਵਾ ਪੰਜਾਬ ਸੈਰ ਸਪਾਟਾ ਵਿਕਾਸ ਨਿਗਮ ਦੇ ਚੇਅਰਮੈਨ, ਦੋ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ, ਸਾਬਕਾ ਮੁੱਖ ਮੰਤਰੀ ਬਰਨਾਲਾ ਦੇ ਸਿਆਸੀ ਸਲਾਹਕਾਰ ਤੋਂ ਇਲਾਵਾ ਕਈ ਵਿਭਾਗਾਂ ਦੇ ਚੇਅਰਮੈਨ ਵੀ ਰਹੇ ਹਨ। ਰੋਮਾਣਾ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸੂਬੇ ਦੀਆਂ ਹੱਦਾਂ ਨਿਰਧਾਰਿਤ ਕਰਨ ਲਈ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਕਮੇਟੀ ਦੇ ਵੀ ਅਹਿਮ ਮੈਂਬਰ ਰਹੇ ਹਨ।
ਰੋਮਾਣਾ ਦੇ ਬੇਹੱਦ ਕਰੀਬੀ ਰਹੇ ਕੁਲਭੂਸ਼ਨ ਰਾਏ ਬਾਂਸਲ ਉਰਫ਼ ਭੂਸੀ ਨੇ ਕਿਹਾ ਕਿ ਰੋਮਾਣਾ ਦਾ ਇਸ ਸੰਸਾਰ ਤੋਂ ਚਲੇ ਜਾਣਾ ਉਨ੍ਹਾਂ ਲਈ ਨਿੱਜੀ ਤੌਰ ‘ਤੇ ਵੱਡਾ ਘਾਟਾ ਹੈ।ਭੂਸੀ ਨੇ ਦੱਸਿਆ ਕਿ ਰੋਮਾਣਾ ਆਪਣੇ ਪਿੱਛੇ ਪੂਰਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੇ ਕੁੱਲ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਦੋ ਪੁੱਤਰ ਅਤੇ ਇੱਕ ਬੇਟੀ ਹੈ। ਰੋਮਾਣਾ ਦਾ ਅੰਤਿਮ ਸਸਕਾਰ ਮੰਗਲਵਾਰ ਦੁਪਹਿਰ 3 ਵਜੇ ਫਰੀਦਕੋਟ ਵਿਖੇ ਹੋਵੇਗਾ।

Leave a Reply

Your email address will not be published. Required fields are marked *