ਜਲੰਧਰ, 17 ਸਤੰਬਰ, ਦੇਸ਼ ਕਲਿਕ ਬਿਊਰੋ :
ਜਲੰਧਰ ਜ਼ਿਲ੍ਹੇ ਦੇ ਪਿੰਡ ਕੰਗ ਸਾਹਬੂ ਤੋਂ ਅਣਪਛਾਤੇ ਕਾਰ ਸਵਾਰਾਂ ਵੱਲੋਂ ਇੱਕ ਐਨਆਰਆਈ ਵਿਅਕਤੀ ਨੂੰ ਅਗਵਾ ਕਰ ਲਿਆ ਗਿਆ। ਪੁਲੀਸ ਨੇ ਬਜ਼ੁਰਗ ਐਨਆਰਆਈ ਦੀ ਲਾਸ਼ ਬਰਾਮਦ ਕਰ ਲਈ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਸਦਰ ਨਕੋਦਰ ਦੀ ਪੁਲੀਸ ਨੇ ਬੀਐਨਐਸ 104 (ਅਗਵਾ) ਤਹਿਤ ਕੇਸ ਦਰਜ ਕੀਤਾ ਸੀ।
ਜਾਣਕਾਰੀ ਮੁਤਾਬਕ ਐਨਆਰਆਈ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਸੀ। ਜਿਸ ਦੀ ਲਾਸ਼ ਮੋਗਾ ਦੀ ਇੱਕ ਨਹਿਰ ਵਿੱਚੋਂ ਬਰਾਮਦ ਹੋਈ ਹੈ। ਕਤਲ ਤੋਂ ਬਾਅਦ ਲਾਸ਼ ਨੂੰ ਨਹਿਰ ‘ਚ ਸੁੱਟ ਦਿੱਤਾ ਗਿਆ। ਲਾਸ਼ ਨੂੰ ਬਰਾਮਦ ਕਰਨ ਲਈ ਜਲੰਧਰ ਦੇਹਾਤ ਪੁਲਿਸ ਦੀ ਟੀਮ ਮੋਗਾ ਪਹੁੰਚੀ ਸੀ।
ਜ਼ਿਕਰਯੋਗ ਹੈ ਕਿ 75 ਸਾਲਾ ਮਹਿੰਦਰ ਸਿੰਘ ਐਤਵਾਰ ਸ਼ਾਮ ਨੂੰ ਕੰਗ ਸਾਹਬੂ ਲਈ ਘਰੋਂ ਨਿਕਲੇ ਸਨ। ਜਦੋਂ ਉਹ ਸ਼ਾਮ 6 ਵਜੇ ਦੇ ਕਰੀਬ ਜਲੰਧਰ ਨਕੋਦਰ ਹਾਈਵੇ ‘ਤੇ ਪਿੰਡ ਕੰਗ ਸਾਹਬੂ ਕੋਲ ਪਹੁੰਚੇ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਮਹਿੰਦਰ ਸਿੰਘ ਨੂੰ ਕਾਰ ਵਿਚ ਅਗਵਾ ਕਰ ਲਿਆ ਅਤੇ ਉਥੋਂ ਫ਼ਰਾਰ ਹੋ ਗਏ।
ਪੁਲੀਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਪਿੰਡ ਕੰਗ ਸਾਹਬੂ ਦੇ ਰਹਿਣ ਵਾਲੇ ਦਲਜੀਤ ਸਿੰਘ ਨਾਂ ਦੇ ਵਿਅਕਤੀ ਨੇ ਪੁਲੀਸ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ।
Published on: ਸਤੰਬਰ 17, 2024 12:23 ਬਾਃ ਦੁਃ