ਬਠਿੰਡਾ: 19 ਸਤੰਬਰ, ਦੇਸ਼ ਕਲਿੱਕ ਬਿਓਰੋ
ਲੋਕ ਸੰਗਰਾਮ ਮੋਰਚਾ ਪੰਜਾਬ ਦੇ ਪ੍ਰਧਾਨ ਤਾਰਾ ਸਿੰਘ ਮੋਗਾ ਅਤੇ ਪ੍ਰਚਾਰ/ਪ੍ਰੈੱਸ ਸਕੱਤਰ ਲੋਕ ਰਾਜ ਮਹਿਰਾਜ ਨੇ ਸਾਂਝੇ ਬਿਆਨ ਰਾਹੀਂ ਸੰਗਰੂਰ ਦੇ ਪਿੰਡ ਬਿਸ਼ਨਪੁਰਾ ਅੰਦਰ ਚਾਰ ਨਰੇਗਾ ਮਜ਼ਦੁਰਾਂ ਟਰੱਕ ਚੜ੍ਹਾਉਣ ਕਾਰਨ ਹੋਈ ਮੌਤ ਅਤੇ ਇਸੇ ਤਰ੍ਹਾਂ ਸੰਗਤ ਮੰਡੀ ਅੰਦਰ ਗੱਤਾ ਫੈਕਟਰੀ ਨੂੰ ਅੱਗ ਲੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਹੋਈ ਮੌਤ ’ਤੇ ਪੰਜਾਬ ਸਰਕਾਰ ਦੇ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰ ਬਿਸ਼ਨਪੁਰਾ ਅਤੇ ਸੰਗਤ ਮੰਡੀ ’ਚ ਰੋਸ ਪ੍ਰਗਟ ਕਰ ਰਹੇ ਧਰਨਾਕਾਰੀਆਂ ਦੀ ਮੰਗ ’ਤੇ ਕੋਈ ਗੌਰ ਨਹੀਂ ਕਰ ਰਹੀ ਅਤੇ ਨਾ ਹੀ ਨਰੇਗਾ ਅਧੀਨ ਕੰਮ ਕਰਦੇ ਕਾਮਿਆਂ ਦੀ ਸੁਰੱਖਿਆ ਅਤੇ ਹਾਦਸਿਆਂ ਦੌਰਾਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਕੋਈ ਨੀਤੀ ਬਣਾ ਰਹੀ ਹੈ। ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਭਗਤ ਸਿੰਘ ਦੇ ਸੁਪਨਿਆਂ ਦੇ ਰਾਜ ਪ੍ਰਬੰਧ ਸਿਰਜਣ ਦਾ ਹੋਕਾ ਕੇ ਲੋਕਾਂ ਨੂੰ ਠੱਗਣ ਵਾਲੀ ਆਪ ਸਰਕਾਰ ਹੁਣ ਤੱਕ ਦੇ ਇਤਿਹਾਸ ਅੰਦਰ ਦੂਸਰੀਆਂ ਪਾਰਟੀਆਂ ਦੀਆਂ ਸਰਕਾਰਾਂ ਤੋਂ ਵੀ ਕਿਤੇ ਗਈ ਗੁਜਰੀ ਨਿੱਕਲੀ। ਹੁਣ ਤੱਕ ਸਿਵਾਏ ਸੜਕਾਂ ਦੇ ਕਿਨਾਰੇ ਲੱਗੇ ਬੋਰਡਾਂ ਤੋਂ ਬਿਨਾ ਸਰਕਾਰ ਨੇ ਕਿਸੇ ਵੀ ਵਰਗ ਦੇ ਮੰਗਾਂ-ਮਸਲੇ ਹੱਲ ਨਹੀਂ ਕੀਤੇ।
ਅੱਜ਼ ਜੋ ਬਿਸ਼ਨਪੁਰਾ ਪਿੰਡ ਵਿੱਚ ਧਰਨਾ ਚੱਲ ਰਿਹਾ ਹੈ ਇਸ ਇਲਾਕੇ ਦੇ ਤਿੰਨ ਕੈਬਨਿਟ ਮੰਤਰੀਆਂ ਨੂੰ ਜਗਾਉਣ ਲਈ ਚੱਲ ਰਿਹਾ ਹੈ। ਜੋ ਹੁਣ ਤੱਕ ਪੀੜਤਾਂ ਦੀਆਂ ਸਮੱਸਿਆਵਾਂ ਦੇ ਹੱਲ ਕੱਢਣ ਤੋਂ ਇਨਕਾਰੀ ਹੋਏ ਬੈਠੇ ਹਨ। ਇਨਾਂ ਹੀ ਨਹੀਂ ਸਗੋਂ ਪੀੜਤ ਪਰਿਵਾਰਾਂ ਨੂੰ ਭੰਬਲਭੂਸੇ ਵਿੱਚ ਪਾਉਣ ਆਪ ਅਤੇ ਬੀ.ਜੇ.ਪੀ.ਦੇ ਆਗੂ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ। ਇਸੇ ਤਰਾਂ ਹੀ ਸੰਗਤ ਮੰਡੀ ਅੰਦਰ ਮਰੇ ਤਿੰਨ ਮਜ਼ਦੂਰਾਂ ਪ੍ਰਤੀ ਭਗਵੰਤ ਮਾਨ ਸਰਕਾਰ ਦਾ ਰਵਈਆ ਵੀ ਬਿਲਕੁਲ ਉਹੀ ਹੈ ਜੋ ਬਿਸ਼ਨਪੁਰਾ ਕਾਂਡ ਪੀੜਤਾਂ ਪ੍ਰਤੀ ਹੈ। ਲੋਕ ਸੰਗਰਾਮ ਮੋਰਚਾ ਪੰਜਾਬ ਇਸ ਦੁੱਖ ਦੀ ਘੜੀ ’ਚ ਨਰੇਗਾ ਅਤੇ ਗੱਤਾ ਫੈਕਟਰੀ ਮਜ਼ਦੂਰਾਂ ਨਾਲ ਖੜ੍ਹਾ ਹੈ ਤੇ ਸਰਕਾਰ ਤੋਂ ਮੰਗ ਕਰਦਾ ਹੈ ਕਿ ਬਿਸ਼ਨਪੁਰਾ ਕਾਂਡ ਤੇ ਸੰਗਤ ਦੀ ਗੱਤਾ ਫੈਕਟਰੀ ਦੇ ਪੀੜਤ ਪਰਿਵਾਰਾਂ ਅਤੇ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਮੰਨ ਕੇ ਮਜ਼ਦੂਰਾਂ ਦੇ ਜਖਮਾਂ ’ਤੇ ਮਲ੍ਹਮ ਲਾਉਣ ਦੀ ਫਰਾਖਦਿਲੀ ਦਿਖਾਵੇ। ਨਹੀਂ ਫਿਰ ਲੋਕ ਰਾਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।