ਮੋਹਾਲੀ, 19 ਸਤੰਬਰ: ਦੇਸ਼ ਕਲਿੱਕ ਬਿਓਰੋ
ਫ਼ੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ-2025 ਮੁਹਿੰਮ ਤਹਿਤ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਪੈਂਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ 52-ਖਰੜ, 53-ਐਸ.ਏ.ਐਸ.ਨਗਰ ਅਤੇ 112-ਡੇਰਾਬੱਸੀ ਦੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਐਸ.ਏ.ਐਸ.ਨਗਰ, ਵਿਰਾਜ ਐੱਸ ਤਿੜਕੇ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਪੋਲਿੰਗ ਬੂਥ ਤੇ 1500 ਤੋਂ ਵੱਧ ਵੋਟਰ ਨਹੀਂ ਹੋਣ ਚਾਹੀਦੇ। ਇਸ ਜ਼ਿਲ੍ਹੇ ਦੇ ਵਿਧਾਨ ਸਭਾ ਚੋਣ ਹਲਕਾ 52-ਖਰੜ ਵਿੱਚ 9, 53-ਐਸ.ਏ.ਐਸ.ਨਗਰ ਵਿੱਚ 7 ਅਤੇ 112-ਡੇਰਾ ਬੱਸੀ ਵਿੱਚ 3 ਪੋਲਿੰਗ ਸਟੇਸ਼ਨ ਵਧਾਏ ਗਏ ਹਨ ਅਤੇ ਤਿੰਨੋ ਵਿਧਾਨ ਸਭਾ ਚੋਣ ਹਲਕਿਆਂ ਦੀ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਦੀ ਤਬਦੀਲੀ ਵੀ ਕੀਤੀ ਗਈ ਹੈ।
ਮੀਟਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵਧਾਏ ਗਏ ਪੋਲਿੰਗ ਸਟੇਸ਼ਨਾਂ ਦੀ ਤਜਵੀਜ਼ ਦੀ ਕਾਪੀ ਤੇ ਵੋਟਰ ਸੂਚੀ ਸਾਲ 2025 ਦੇ ਪ੍ਰੋਗਰਾਮ ਦੀ ਕਾਪੀ ਵੀ ਮੁਹੱਈਆ ਕਰਵਾਈ ਗਈ। ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪੋਲਿੰਗ ਸਟੇਸ਼ਨਾਂ ਸਬੰਧੀ ਆਪਣਾ ਦਾਅਵਾ ਜਾਂ ਇਤਰਾਜ ਦੋ ਦਿਨਾਂ ਦੇ ਵਿੱਚ ਦੇਣ ਲਈ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਨੂੰ ਹਰੇਕ ਪੋਲਿੰਗ ਬੂਥ ਤੇ ਆਪਣਾ-ਆਪਣਾ ਬੀ.ਐਲ.ਏ. ਲਗਾਉਣ ਲਈ ਵੀ ਕਿਹਾ ਗਿਆ। ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫਾਰਮਾਂ ਬਾਰੇ ਵੀ ਦੱਸਿਆ ਗਿਆ ਕਿ ਫਾਰਮ ਨੰ.6 ਨਵੀਂ ਵੋਟ ਲਈ, ਫਾਰਮ ਨੰ.7 ਵੋਟ ਕੱਟਣ ਲਈ, ਫਾਰਮ ਨੰ.8 ਦਰੂਸਤੀ/ਸ਼ਿਫਟਿੰਗ/ਪੀ.ਡਬਲਿਊ.ਡੀ ਮਾਰਕਿੰਗ/ਡੁਪਲੀਕੇਟ ਵੋਟਰ ਕਾਰਡ ਅਪਲਾਈ ਕਰਨ ਲਈ ਆਨਲਾਈਨ ਭਾਰਤ ਚੋਣ ਕਮਿਸ਼ਨ ਦੇ ਪੋਰਟਲ https://voters.eci.gov.in ਅਤੇ ਵੋਟਰ ਹੈਲਪ ਲਾਈਨ ਐਪ ‘ਤੇ ਭਰਿਆ ਜਾਵੇ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਮੀਟਿੰਗ ਵਿੱਚ ਸੁਖਦੇਵ ਸਿੰਘ (ਬਹੁਜਨ ਸਮਾਨ ਪਾਰਟੀ), ਬਹਾਦਰ ਸਿੰਘ (ਆਮ ਆਦਮੀ ਪਾਰਟੀ), ਡਾ. ਵਰਿੰਦਰ ਕੋਛੜ (ਭਾਰਤੀ ਜਨਤਾ ਪਾਰਟੀ), ਹਰਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਸੰਜੇ ਕੁਮਾਰ ਚੋਣ ਤਹਿਸੀਲਦਾਰ, ਵਰੁਣ ਗਰਗ ਚੋਣ ਕਾਨੂੰਗੋ, ਐਸ.ਏ.ਐਸ.ਨਗਰ, ਸੁਰਿੰਦਰ ਕੁਮਾਰ ਚੋਣ ਕਾਨੂੰਗੋ, ਡੇਰਾਬੱਸੀ ਅਤੇ ਜਗਤਾਰ ਸਿੰਘ ਜੂਨੀਅਰ ਸਹਾਇਕ ਮੀਟਿੰਗ ਵਿਚ ਹਾਜ਼ਰ ਸਨ।
Published on: ਸਤੰਬਰ 19, 2024 4:03 ਬਾਃ ਦੁਃ