ਨਵੀਂ ਦਿੱਲੀ, 20 ਸਤੰਬਰ, ਦੇਸ਼ ਕਲਿਕ ਬਿਊਰੋ :
ਅਮਰੀਕਾ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ‘ਚ ਭਾਰਤ ਸਰਕਾਰ ਨੂੰ ਸੰਮਨ ਭੇਜਿਆ ਹੈ। ਭਾਰਤ ਦੇ ਐਨਐਸਏ ਅਜੀਤ ਡੋਵਾਲ, ਸਾਬਕਾ ਰਾਅ ਚੀਫ਼ ਸਾਮੰਤ ਗੋਇਲ, ਰਾਅ ਏਜੰਟ ਵਿਕਰਮ ਯਾਦਵ ਅਤੇ ਕਾਰੋਬਾਰੀ ਨਿਖਿਲ ਗੁਪਤਾ ਦੇ ਨਾਂ ਵੀ ਇਸ ਸੰਮਨ ਵਿੱਚ ਸ਼ਾਮਲ ਹਨ।
ਅਮਰੀਕੀ ਅਦਾਲਤ ਨੇ ਇਸ ਸੰਮਨ ਦਾ 21 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਹੈ। ਪੰਨੂ ਨੇ ਉਸ ਦੇ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਪਿਛਲੇ ਸਾਲ ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਨਿਊਯਾਰਕ ‘ਚ ਪੰਨੂ ‘ਤੇ ਜਾਨਲੇਵਾ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਵਿੱਚ ਭਾਰਤ ਦਾ ਹੱਥ ਸੀ।ਕਿਹਾ ਗਿਆ ਕਿ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।
ਸੰਮਨ ਦੇ ਜਵਾਬ ‘ਚ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਸੰਮਨ ਪੂਰੀ ਤਰ੍ਹਾਂ ਨਾਲ ਗਲਤ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਕਿਹਾ ਕਿ ਜਦੋਂ ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ ਤਾਂ ਅਸੀਂ ਕਾਰਵਾਈ ਕੀਤੀ। ਇਸ ਮਾਮਲੇ ਵਿੱਚ ਉੱਚ ਪੱਧਰੀ ਕਮੇਟੀ ਵੀ ਬਣਾਈ ਗਈ ਹੈ।