ਫਾਜਿਲਕਾ 20 ਸਤੰਬਰ
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ ਐਰਿਕ ਕਾਰਜਕਾਰੀ ਸਿਵਲ ਸਰਜਨ ਫਾਜਿਲਕਾ ਦੀ ਪ੍ਰਧਾਨਗੀ ਵਿੱਚ ਅੱਜ ਸਿਵਲ ਹਸਪਤਾਲ ਫਾਜਿਲਕਾ ਵਿਖੇ ਵਿਸ਼ਵ ਅਲਜ਼ਾਈਮਰ ਦਿਵਸ ਮਨਾਇਆ ਗਿਆ ਅਤੇ ਜਾਗਰੂਕਤਾ ਪੈਂਫਲਿਟ ਰਲੀਜ਼ ਕੀਤਾ ਗਿਆ। ਇਸ ਸਮੇਂ ਡਾ ਪਿਕਾਕਸ਼ੀ ਅਰੋੜਾ ਮਨੋਰੋਗਾਂ ਦੇ ਮਾਹਿਰ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ, ਦਿਵੇਸ਼ ਕੁਮਾਰ ਅਤੇ ਸੁਖਦੇਵ ਸਿੰਘ, ਸੁਨੀਤਾ ਰਾਣੀ ਮੈਟਰਨ, ਪ੍ਰਿਸ ਪੁਰੀ ਮਾਈਕ੍ਰੋਬਾਲੋਜਿਸਟ ਹਾਜ਼ਰ ਸਨ। ਇਸ ਸਮੇ ਡਾ ਐਰਿਕ ਨੇ ਦੱਸਿਆ ਕਿ ਅਲਜ਼ਾਈਮਰ ਰੋਗ ਡਿਮੈਂਸ਼ੀਆ ਦੀ ਕਿਸਮ ਹੈ, ਜੋ ਆਮ ਤੌਰ ਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਜੋ ਯਾਦ ਸ਼ਕਤੀ, ਸੋਚਣ, ਭਾਸ਼ਾ ਸਮਝਣ ਅਤੇ ਸਿੱਖਣ ਵਿੱਚ ਮੁਸ਼ਕਿਲ ਪੈਦਾ ਕਰਦੀ ਹੈ।
ਇਸ ਸਮੇਂ ਡਾ ਪਿਕਾਕਸ਼ੀ ਅਰੋੜਾ ਨੇ ਦੱਸਿਆ ਕਿ ਕਈ ਤਰ੍ਹਾਂ ਦੇ ਹਾਦਸਿਆਂ, ਬਿਮਾਰੀਆਂ ਕਾਰਣ ਮਰੀਜ਼ ਦੇ ਦਿਮਾਗ ਅਤੇ ਸਪਾਈਨਲ ਕਾਰਡ ਵਿੱਚ ਲੰਬੇ ਸਮੇਂ ਤੱਕ ਸੋਜ਼ ਰਹਿਣਾ, ਸਿਰ ਦੀ ਸੱਟ, ਥਾਇਰਾਇਡ, ਸਰੀਰ ਵਿੱਚ ਤਰਲ ਪਦਾਰਥਾਂ ਦੀ ਕਮੀ, ਪੌਸ਼ਟਿਕ ਭੋਜਣ ਨਾ ਖਾਣਾ, ਬਹੁਤ ਜ਼ਿਆਦਾ ਤਣਾਅ, ਪਰਿਵਾਰਿਕ ਇਤਿਹਾਸ ਇਸ ਦਾ ਕਾਰਣ ਹੋ ਸਕਦੇ ਹਨ। ਕਈ ਵਾਰੀ ਦਵਾਈਆਂ ਦੇ ਬੁਰੇ ਪ੍ਰਭਾਵ ਨਾਲ ਦਿਮਾਗ ਅਤੇ ਸੋਚਣ ਸ਼ਕਤੀ ਪ੍ਰਭਾਵਿਤ ਹੁੰਦੀ ਹੈ ਅਤੇ ਫਿਰ ਇਹ ਬਿਮਾਰੀ ਦਾ ਰੂਪ ਧਾਰਣ ਕਰ ਲੈਂਦੀ ਹੈ। ਉਹਨਾਂ ਦੱਸਿਆ ਕਿ ਗੱਡੀ ਚਲਾਉਂਦਿਆਂ ਅਚਾਨਕ ਰਸਤਾ ਭੁੱਲ ਜਾਣਾ, ਕੋਈ ਚੀਜ਼ ਖਰੀਦਣ ਤੋਂ ਬਾਅਦ ਪੈਸੇ ਦੇਣਾ ਭੁੱਲ ਜਾਣਾ, ਕੋਈ ਸਮਾਨ ਖਰੀਦਣ ਸਮੇਂ ਸਮਾਨ ਭੁੱਲ ਜਾਣਾ, ਜਿੰਦਗੀ ਦੀਆਂ ਕੋਈ ਵੀ ਯਾਦਾਂ ਭੁੱਲ ਜਾਣਾ, ਵਾਰ ਵਾਰ ਇੱਕੋ ਸਵਾਲ ਕਰਨਾ ਇਸ ਬਿਮਾਰੀ ਦੇ ਲੱਛਣ ਹੋ ਸਕਦੇ ਹਨ।
ਹਰੇਕ ਇਨਸਾਨ ਨੂੰ ਖਾਸ ਕਰਕੇ ਇਸ ਬਿਮਾਰੀ ਦੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਸਲਾਹ ਦਿਓ ਕਿ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਰਗਰਮ ਰਹੋ, ਦੋਸਤਾਂ ਨਾਲ ਸਮਾਂ ਬਿਤਾਓ, ਅਖਬਾਰਾਂ ਅਤੇ ਟੀ.ਵੀ ਦੇਖੋ, ਨਵੇਂ ਹੁਨਰ ਸਿੱਖੋ, ਧਾਰਮਿਕ ਸਥਾਨਾਂ ਤੇ ਜਾਓ, ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਆਪਣੇ ਆਪ ਨੂੰ ਸਰਗਰਮ ਰੱਖਿਆ ਜਾ ਸਕਦਾ ਹੈ। ਰਿਟਾਇਰ ਹੋਣ ਤੋਂ ਬਾਅਦ ਆਪਣੇ ਆਪ ਨੂੰ ਕਿਸੇ ਕੰਮਾਂ ਵਿੱਚ ਸਰਗਰਮ ਰੱਖੋ। ਰੋਜ਼ਾਨਾ 7 ਤੋਂ 8 ਘੰਟੇ ਨੀਂਦ ਲਵੋ।
ਉਹਨਾਂ ਕਿਹਾ ਕਿ ਆਪਣੇ ਰੋਜ਼ਾਨਾ ਦੇ ਭੋਜਨ ਵਿੱਚ ਸਿਹਤਮੰਦ ਭੋਜਨ ਖਾਓ।ਸਿਹਤਮੰਦ ਜੀਵਨਸ਼ੈਲੀ, ਪਾਣ ਪੀਣ ਦੀ ਆਦਤਾਂ ਬਦਲ ਕੇ ਅਤੇ ਨਿਯਮਿਤ ਚੈਕਅੱਪ ਨਾਲ ਬਿਮਾਰੀ ਤੋ ਬਚਿਆ ਜਾ ਸਕਦਾ ਹੈ। ਜੇਕਰ ਕਿਸੇ ਪਰਿਵਾਰ ਵਿੱਚ ਪਹਿਲਾਂ ਕੋਈ ਅਲਜ਼ਾਈਮਰ ਦਾ ਮਰੀਜ਼ ਸੀ ਤਾਂ ਨੌਜਵਾਨ ਅਵਸਥਾ ਵਿੱਚ ਹੀ ਸੁਚੇਤ ਰਹੋ। ਉਹਨਾਂ ਦੱਸਿਆ ਕਿ ਸ਼ੁਰੂ ਦੇ ਲੱਛਣਾਂ ਸਮੇਂ ਹੀ ਮਾਹਿਰ ਡਾਕਟਰ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ। ਸਮੇਂ ਸਿਰ ਲਈ ਸਲਾਹ ਨਾਲ ਭੁੱਲਣ ਦੀ ਸਮੱਸਿਆ ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਲੱਂਛਣਾਂ ਵਾਲਿਆਂ ਮਰੀਜ਼ਾਂ ਨੂੰ ਇਲਾਜ ਵਿੱਚ ਸਹਾਇਤਾ ਕਰੋ