ਸਾਡਾ ਡੱਬਾ ਅਤੇ ਇੰਜਣ ਦੋਵੇਂ ਬਿਲਕੁਲ ਠੀਕ ਹਨ, ਤਿੰਨ ਕਰੋੜ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ – ਨੀਲ ਗਰਗ
ਆਪ ਸਰਕਾਰ ਨੇ ਮਾਫ਼ੀਆ-ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਿਆ, ਨਸ਼ਿਆਂ ‘ਤੇ ਕਾਬੂ ਪਾਇਆ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ – ਗਰਗ
ਚੰਡੀਗੜ੍ਹ, 23 ਸਤੰਬਰ, ਦੇਸ਼ ਕਲਿੱਕ ਬਿਓਰੋ
ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਦਿੱਤੇ ਬਿਆਨ ‘ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ।
‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਸਾਡਾ ਡੱਬਾ ਅਤੇ ਇੰਜਣ ਦੋਵੇਂ ਬਿਲਕੁਲ ਠੀਕ ਹਨ। ਸੁਖਬੀਰ ਬਾਦਲ ਵੱਲ ਇਸ਼ਾਰਾ ਕਰਦਿਆਂ ਨੀਲ ਗਰਗ ਨੇ ਕਿਹਾ ਕਿ ਇਹ ਕਿਸੇ ਇੱਕ ਪਰਿਵਾਰ ਦਾ ਡੱਬਾ ਨਹੀਂ ਹੈ। ਇਹ ਪੰਜਾਬ ਦੇ ਤਿੰਨ ਕਰੋੜ ਲੋਕਾਂ ਵੱਲੋਂ ਚੁਣੇ ਗਏ ਡੱਬੇ ਅਤੇ ਇੰਜਣ ਹਨ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ‘ਚ ਹਰ ਤਰ੍ਹਾਂ ਦੇ ਮਾਫ਼ੀਆ ‘ਤੇ ਸ਼ਿਕੰਜਾ ਕੱਸਿਆ ਹੈ। ਅਕਾਲੀ ਸਰਕਾਰ ਵੇਲੇ ਪੈਦਾ ਹੋਏ ਗੈਂਗਸਟਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਨੇ ਨਸ਼ਾ ਤਸਕਰੀ ਨੂੰ ਕਾਬੂ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਆਮ ਲੋਕਾਂ ਦੇ ਇਲਾਜ ਲਈ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ ਅਤੇ ਬੱਚਿਆਂ ਦੀ ਬਿਹਤਰ ਸਿੱਖਿਆ ਲਈ ਵਧੀਆ ਸਰਕਾਰੀ ਸਕੂਲ ਬਣਾਏ ਜਾ ਰਹੇ ਹਨ।
ਗਰਗ ਨੇ ਕਿਹਾ ਕਿ ਅਸਲ ਵਿੱਚ ਇੰਜਣ ਬਦਲਣ ਦੀ ਲੋੜ ਅਕਾਲੀ ਦਲ ਨੂੰ ਹੈ, ਜੋ ਪੰਜਾਬ ਅਤੇ ਪੰਥ ਦੀ ਪਾਰਟੀ ਤੋਂ ਇਕ ਪਰਿਵਾਰ ਦੀ ਪਾਰਟੀ ਬਣ ਚੁੱਕਾ ਹੈ। ਕਲੇਰ ਪਹਿਲਾਂ ਆਪਣੀ ਪਾਰਟੀ ਨੂੰ ਬਾਦਲ ਪਰਿਵਾਰ ਦੀ ਪਕੜ ਤੋਂ ਮੁਕਤ ਕਰਵਾਉਣ, ਫਿਰ ਦੂਜੀਆਂ ਪਾਰਟੀਆਂ ‘ਤੇ ਟਿੱਪਣੀ ਕਰਨ।
ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਦੀ ਹਾਲਤ ਇਹ ਹੋ ਗਈ ਹੈ ਕਿ ਜੇਕਰ ਉਸ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪਵੇ ਤਾਂ ਉਹ ਨਹੀਂ ਬਣਾ ਸਕਦਾ। ਬਾਦਲ ਪਰਿਵਾਰ ਨੇ ਪਾਰਟੀ ਅਤੇ ਪੰਜਾਬ ਦੋਵਾਂ ਨੂੰ ਬਰਬਾਦ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਆਪਣੇ ਫ਼ਾਇਦੇ ਲਈ ਪੰਜਾਬ ਵਿੱਚ ਨਸ਼ਾ ਤਸਕਰਾਂ ਨੂੰ ਉਤਸ਼ਾਹਿਤ ਕੀਤਾ। ਗੈਂਗਸਟਰ ਅਤੇ ਮਾਫ਼ੀਆ ਪੈਦਾ ਕੀਤਾ, ਜਿਸ ਦਾ ਨਤੀਜਾ ਅੱਜ ਤੱਕ ਪੰਜਾਬ ਭੁਗਤ ਰਿਹਾ ਹੈ।
Published on: ਸਤੰਬਰ 23, 2024 12:10 ਬਾਃ ਦੁਃ