— ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਚਲਾਈ ਗਈ
— ਸਾਲ 2024 ਵਿੱਚ 60,347 ਅਤੇ ਸਾਲ 2023 ਵਿੱਚ 60,952 ਬੂਟੇ ਲਗਾਏ
ਚੰਡੀਗੜ੍ਹ, 23 ਸਤੰਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਅਗਵਾਈ ਵਿੱਚ ਚਲਾਈ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਦੂਜੇ ਪੜਾਅ ਤਹਿਤ ਪੰਜਾਬ ਰਾਜ ਦੀਆਂ ਮੰਡੀਆਂ ਸਮੇਤ ਵੱਖ-ਵੱਖ ਥਾਵਾਂ ਤੇ ਕੁੱਲ 60,347 ਫ਼ਲਦਾਰ, ਛਾਂ ਵਾਲੇ ਅਤੇ ਮੈਡੀਸਨ ਦੇ ਪੌਦੇ ਲਗਾਏ ਗਏ। ਜਿਨ੍ਹਾਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਉੱਥੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੌਂਪੀ ਗਈ। ਚੇਅਰਮੈਨ ਵੱਲੋਂ ਰੁੱਖਾਂ ਦੀ ਸੰਭਾਲ ਬਾਰੇ ਅਤੇ ਗਲੋਬਲ ਵਾਰਮਿੰਗ ਕਰਕੇ ਹੋ ਰਹੇ ਵਾਤਾਵਰਣ ਦੇ ਨੁਕਸਾਨ ਬਾਰੇ ਆਪਣੇ ਵਿਚਾਰ ਰੱਖਦਿਆਂ ਹੋਇਆ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਅਤੇ ਆਪਣੇ ਜਨਮਦਿਨ ਮੌਕੇ ਦੋ-ਦੋ ਬੂਟੇ ਲਾਜ਼ਮੀ ਲਗਾਉਣ ਲਈ ਉਤਸਾਹਿਤ ਕੀਤਾ ਗਿਆ।
ਸ. ਬਰਸਟ ਨੇ ਦੱਸਿਆ ਕਿ ਸਾਲ 2023 ਦੌਰਾਨ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀ ਐਸੋਸੀਏਸ਼ਨਾਂ ਅਤੇ ਐਨ.ਜੀ.ਓਜ਼ ਦੇ ਸਹਿਯੋਗ ਨਾਲ ਕੁੱਲ 60,952 ਫਲਦਾਰ, ਛਾਂ ਵਾਲੇ ਅਤੇ ਮੈਡੀਸਨ ਦੇ ਪੌਦੇ ਲਗਾਏ ਗਏ ਸਨ, ਜਿਨ੍ਹਾਂ ਵਿੱਚੋਂ 26,846 ਬੂਟੇ ਚਾਲੂ ਹਾਲਤ ਵਿੱਚ ਹਨ। ਜਦਕਿ ਮੌਜੂਦਾ ਸਾਲ ਵਿੱਚ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਦੇ ਦੂਜੇ ਪੜਾਅ ਤਹਿਤ 60,347 ਪੌਦੇ ਲਗਾਏ ਗਏ ਹਨ। ਇਸ ਦੌਰਾਨ ਸੰਗਰੂਰ ਵਿਖੇ 4700, ਬਠਿੰਡਾ ਵਿਖੇ 2450, ਜਲੰਧਰ ਵਿਖੇ 3800, ਬਰਨਾਲਾ ਵਿਖੇ 8150, ਫਿਰੋਜ਼ਪੁਰ ਵਿਖੇ 2330, ਮਾਨਸਾ ਵਿਖੇ 2700, ਸ਼ਹੀਦ ਭਗਤ ਸਿੰਘ ਨਗਰ ਵਿਖੇ 2640, ਤਰਨਤਾਰਨ ਵਿਖੇ 1022, ਰੂਪਨਗਰ ਵਿਖੇ 5510, ਪਠਾਨਕੋਟ ਵਿਖੇ 200, ਪਟਿਆਲਾ ਵਿਖੇ 3000, ਲੁਧਿਆਣਾ ਵਿਖੇ 4950, ਕਪੂਰਥਲਾ ਵਿਖੇ 1510, ਗੁਰਦਾਸਪੁਰ ਵਿਖੇ 760, ਫਰੀਦਕੋਟ ਵਿਖੇ 2715, ਫਾਜਿਲਕਾ ਵਿਖੇ 1750, ਸ੍ਰੀ ਮੁਕਤਸਰ ਸਾਹਿਬ ਵਿਖੇ 1250, ਮੋਗਾ ਵਿਖੇ 4550, ਅੰਮ੍ਰਿਤਸਰ ਵਿਖੇ 1360, ਹੁਸ਼ਿਆਰਪੁਰ ਵਿਖੇ 1500, ਫਤਿਹਗੜ੍ਹ ਸਾਹਿਬ ਵਿਖੇ 1500, ਐਸ.ਏ.ਐਸ. ਨਗਰ ਵਿਖੇ 2000 ਬੂਟੇ ਲਗਾਏ ਗਏ ਹਨ, ਜਦਕਿ 35000 ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਸੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਬੂਟੇ ਲਗਾ ਕੇ ਪੰਜਾਬ ਨੂੰ ਹਰਿਆ-ਭਰਿਆ ਰੱਖਣ ਵਿੱਚ ਪੰਜਾਬ ਮੰਡੀ ਬੋਰਡ ਵੱਲੋਂ ਆਪਣਾ ਸਹਿਯੋਗ ਦਿੱਤਾ ਜਾਂਦਾ ਰਹੇਗਾ।
ਚੇਅਰਮੈਨ ਨੇ ਦੱਸਿਆ ਕਿ ਵੱਧ ਰਿਹਾ ਪ੍ਰਦੂਸ਼ਣ ਅਤੇ ਤਾਪਮਾਨ ਸਮੂੱਚੀ ਮਨੁੱਖਤਾ ਲਈ ਬਹੁਤ ਵੱਡੀ ਚੁਣੌਤੀ ਬਣ ਗਿਆ ਹੈ। ਇਸੇ ਲਈ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਰੇ ਪੰਜਾਬ ਵਿੱਚ ਬੂਟੇ ਲਗਾਏ ਜਾ ਰਹੇ ਹਨ। ਸਾਨੂੰ ਸਾਰਿਆਂ ਨੂੰ ਵੀ ਵਾਤਾਵਰਨ ਨੂੰ ਸਾਫ਼ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਰੁੱਖ ਸਾਡੇ ਸਿਹਤਮੰਦ ਸਮਾਜ ਅਤੇ ਖੁਸ਼ਹਾਲ ਜੀਵਨ ਲਈ ਬੇਹੱਦ ਜਰੂਰੀ ਹਨ। ਇਸ ਲਈ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਨਾ ਵੀ ਲਾਜਮੀ ਹੈ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਦੇ ਖਾਤਮੇ ਅਤੇ ਹਰਿਆਲੀ ਨੂੰ ਵਧਾਉਣ ਲਈ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਖੇ 7880 ਵਰਗ ਫੁੱਟ ਖੇਤਰ ਵਿੱਚ 700 ਰੁੱਖਾ ਦਾ ਜੰਗਲ ਲਗਾਇਆ ਹੋਇਆ ਹੈ। ਉਨ੍ਹਾਂ ਸਮੂੰਹ ਅਧਿਕਾਰੀਆਂ, ਕਰਮਚਾਰੀਆਂ, ਕਿਸਾਨਾਂ, ਆੜ੍ਹਤੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ।