“ਝੰਕਾਰ 2024”- ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੀ ਇੱਕ ਸੱਭਿਆਚਾਰਕ ਸ਼ਾਮ ਨੇ ਦਰਸ਼ਕਾਂ ਦਾ ਮਨ ਮੋਹ ਲਿਆ

ਮਨੋਰੰਜਨ

ਚੰਡੀਗੜ੍ਹ: 26 ਸਤੰਬਰ, 2024, ਦੇਸ਼ ਕਲਿੱਕ ਬਿਓਰੋ

 ਕੇਂਦਰ ਸਰਕਾਰ ਕਰਮਚਾਰੀ ਭਲਾਈ ਕੋਆਰਡੀਨੇਸ਼ਨ ਕਮੇਟੀ (ਸੀ.ਜੀ.ਈ.ਡਬਲਿਊ.ਸੀ.ਸੀ), ਚੰਡੀਗੜ੍ਹ ਵੱਲੋਂ ਕੱਲ੍ਹ ਟੈਗੋਰ ਥੀਏਟਰ, ਸੈਕਟਰ 18, ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਸੱਭਿਆਚਾਰਕ ਸ਼ਾਮ ְ‘ਝੰਕਾਰ 2024’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਹਿੱਸਾ ਲੈਣ ਵਾਲੇ ਵਿਭਾਗਾਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਪੀਏਜੀ ਦਫ਼ਤਰ, ਸੀਪੀਡਬਲਿਊਜੀ, ਐੱਨਸੀਸੀ, ਐੱਨਆਈਸੀ, ਰੱਖਿਆ ਲੇਖਾ, ਇਨਕਮ ਟੈਕਸ, ਲੇਬਰ ਬਿਊਰੋ, ਪ੍ਰੈੱਸ ਇਨਫਰਮੇਸ਼ਨ ਬਿਊਰੋ, ਈਪੀਐੱਫਓ, ਡੀਆਰਟੀ, ਸੀਜੀਡਬਲਿਊਬੀ, ਸੀਜੀਐੱਚਐੱਸ, ਜਨਗਣਨਾ, ਬੀਐੱਸਐੱਨਐੱਲ, ਸੀਸੀਏ, ਜੀਐੱਸਟੀ, ਐੱਮਈਐੱਸ ਵਿਭਾਗ ਸ਼ਾਮਲ ਸਨ। ਪ੍ਰੋਗਰਾਮ ਦਾ ਮੁੱਖ ਆਕਰਸ਼ਣ “ਫੈਂਸੀ ਡ੍ਰੈੱਸ ਸ਼ੋਅ” ਸੀ ਜਿਸ ਵਿੱਚ ਭਾਗ ਲੈਣ ਵਾਲੇ ਸਾਰੇ ਛੋਟੇ ਬੱਚਿਆਂ ਨੇ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਇਸ ਸਮਾਗਮ ਵਿੱਚ ਕਈ ਉੱਘੇ ਮਹਿਮਾਨਾਂ ਨੇ ਆਪਣੀ ਹਾਜ਼ਰੀ ਲਗਵਾਈ। ਇਨ੍ਹਾਂ ਵਿੱਚ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਅਦਾਕਾਰ, ਲੇਖਕ ਅਤੇ ਕਾਮੇਡੀਅਨ ਸ. ਗੁਰਪ੍ਰੀਤ ਸਿੰਘ ਘੁੱਗੀ, ਅਦਾਕਾਰ ਸ੍ਰ. ਮਲਕੀਤ ਸਿੰਘ ਰੌਣੀ, ਫਿਲਮ ਅਤੇ ਟੀਵੀ ਅਦਾਕਾਰ ਸ਼੍ਰੀ ਬਾਲ ਮੁਕੁੰਦ ਸ਼ਰਮਾ ਅਤੇ ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਕੋਚ, ਪਦਮ ਸ਼੍ਰੀ ਐਵਾਰਡੀ ਸ਼੍ਰੀ ਸਰਦਾਰ ਸਿੰਘ ਇਨ੍ਹਾਂ ਉੱਘੀਆਂ ਸ਼ਖਸੀਅਤਾਂ ਦੀ ਹਾਜ਼ਰੀ ਨੇ ਨਾ ਸਿਰਫ਼ ਸਮਾਗਮ ਨੂੰ ਚਾਰ ਚੰਨ ਲਗਾਏ ਸਗੋਂ ਸਾਰੇ ਪ੍ਰਤੀਯੋਗੀਆਂ ਦਾ ਉਤਸ਼ਾਹ ਵੀ ਵਧਾਇਆ। 

“ਝੰਕਾਰ 2024” ਸੱਭਿਆਚਾਰਕ ਸ਼ਾਮ ਵਿੱਚ ਕਲਾ ਦੇ ਵੱਖ-ਵੱਖ ਰੂਪਾਂ ਦੀਆਂ ਝਲਕੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਕਲਾਸੀਕਲ ਡਾਂਸ ਦੀ ਪੇਸ਼ਕਾਰੀ ਨੇ ਸ਼ਾਸਤਰੀ ਕਲਾ ਦੀ ਸ਼ਾਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ। ਹਰਿਆਣਵੀ ਅਤੇ ਪੰਜਾਬੀ ਲੋਕ ਨਾਚ, ਭੰਗੜੇ ਅਤੇ ਗਿੱਧੇ ਨੇ ਪੂਰੇ ਆਡੀਟੋਰੀਅਮ ਨੂੰ ਮੋਹ ਲਿਆ। ਇਸ ਦੇ ਨਾਲ ਹੀ ਵੱਖ-ਵੱਖ ਫਿਲਮੀ ਗੀਤਾਂ ਅਤੇ ਸਕਿੱਟਾਂ ਦੀ ਪੇਸ਼ਕਾਰੀ ਨੇ ਸਾਰਿਆਂ ਦਾ ਖੂਬ ਮਨੋਰੰਜਨ ਕੀਤਾ। ਵਿਸ਼ੇਸ਼ ਤੌਰ ‘ਤੇ ਕੁਮਾਉਨੀ ਗੀਤ ‘ਗੁਲਾਬੀ ਸ਼ਰਾਰਾ’ ਦੀ ਪੇਸ਼ਕਾਰੀ ਨੇ ਸਭ ਦਾ ਧਿਆਨ ਖਿੱਚਿਆ ਅਤੇ ਸੱਭਿਆਚਾਰਕ ਵਿਭਿੰਨਤਾ ਦੀ ਖੂਬਸੂਰਤ ਝਲਕ ਪੇਸ਼ ਕੀਤੀ। 

ਸ਼੍ਰੀ ਏ.ਡੀ. ਜੈਨ, ਮੀਤ ਪ੍ਰਧਾਨ, ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਅਤੇ ਕੇਂਦਰ ਸਰਕਾਰ ਕਰਮਚਾਰੀ ਭਲਾਈ ਕੋਆਰਡੀਨੇਸ਼ਨ ਕਮੇਟੀ, ਚੰਡੀਗੜ੍ਹ ਦੇ ਚੇਅਰਮੈਨ ਨੇ ਆਪਣੇ ਸੰਬੋਧਨ ਵਿੱਚ ਪਤਵੰਤਿਆਂ, ਵੱਖ-ਵੱਖ ਵਿਭਾਗਾਂ ਦੇ ਮੁਖੀਆੰ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ। 

ਡਾ. ਅਮਰਜੀਤ ਕੌਰ, ਸੀਨੀਅਰ ਖੇਤਰੀ ਨਿਰਦੇਸ਼ਕ, ਸਹਿਤ ਅਤੇ ਪਰਿਵਾਰ ਭਲਾਈ ਅਤੇ ਸੰਯੁਕਤ ਸਕੱਤਰ, ਕੇਂਦਰ ਸਰਕਾਰ ਕਰਮਚਾਰੀ ਭਲਾਈ ਕੋਆਰਡੀਨੇਸ਼ਨ ਕਮੇਟੀ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਟ੍ਰਾਈ ਸਿਟੀ ਦੇ ਸਾਰੇ ਕੇਂਦਰ ਸਰਕਾਰ ਦੇ ਕਰਮਚਾਰੀਆਂ, ਅਧਿਕਾਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਧੰਨਵਾਦ ਕੀਤਾ। ਇਸ ਸੱਭਿਆਚਾਰਕ ਸ਼ਾਮ ਨੂੰ ਯਾਦਗਾਰੀ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਹੋਰ ਅਹੁਦੇਦਾਰਾਂ ਵਿੱਚ ਸ਼੍ਰੀਮਤੀ ਮੋਨਿਕਾ, ਸੰਯੁਕਤ ਸਕੱਤਰ, ਸੀ.ਜੀ.ਈ.ਡਬਲਿਊ.ਸੀ.ਸੀ ਦੀਪਕ ਕੁਮਾਰ ਢੀਂਗਰਾ, ਆਰਗੇਨਾਈਜ਼ਿੰਗ ਸੈਕਟਰੀ ਸੀ.ਜੀ.ਈ.ਡਬਲਿਊ.ਸੀ.ਸੀ ਅਤੇ ਸ਼੍ਰੀ ਬਲਰਾਮ ਕ੍ਰਿਸ਼ਨ ਖਜ਼ਾਨਚੀ ਸੀ.ਜੀ.ਈ.ਡਬਲਿਊ.ਸੀ.ਸੀ ਸਨ।

ਪ੍ਰੋਗਰਾਮ ਦੀ ਜਿਊਰੀ, ਜਿਸ ਨੇ “ਝੰਕਾਰ 2024” ਦੇ ਸਫ਼ਲ ਆਯੋਜਨ ਵਿੱਚ ਮੋਹਰੀ ਭੂਮਿਕਾ ਨਿਭਾਈ, ਵਿੱਚ ਸਪਨਾ, ਡਿਪਟੀ ਡਾਇਰੈਕਟਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਡਾ. ਸੁਭਾਸ਼੍ਰੀ ਰਾਏ, ਇੰਸਟੀਟਿਊਟ ਆਫ ਨੈਨੋ ਸਾਇੰਸ ਐਂਡ ਟੈਕਨੋਲੋਜੀ ਦੇ ਵਿਗਿਆਨੀ ਅਤੇ ਸ਼੍ਰੀ ਓਮ ਪ੍ਰਕਾਸ਼, ਪੀਆਰਓ ਦੂਰਸੰਚਾਰ ਸ਼ਾਮਲ ਸਨ। 

——

Latest News

Latest News

Leave a Reply

Your email address will not be published. Required fields are marked *