-ਕਿਹਾ – ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਅਹੁੱਦੇਦਾਰ ਵੱਧ ਚੜ ਕੇ ਹਿੱਸਾ ਲੈਣ ਅਤੇ ਸੂਬਾ ਸਰਕਾਰ ਦੇ ਲੋਕ ਪੱਖੀ ਕੰਮਾ ਨੂੰ ਲੋਕਾਂ ਤੱਕ ਲੈ ਕੇ ਜਾਣ
-ਪੰਜਾਬ ਅਤੇ ਪਿੰਡਾਂ ਦੇ ਵਿਕਾਸ ਲਈ ਚੰਗੇ ਲੋਕਾਂ ਦਾ ਅੱਗੇ ਆਉਣਾ ਜਰੂਰੀ
ਚੰਡੀਗੜ੍ਹ, 26 ਸਤੰਬਰ, 2024, ਦੇਸ਼ ਕਲਿੱਕ ਬਿਓਰੋ
ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਰਾਜ ਵਿੱਚ ਪੰਚਾਇਤੀ ਚੋਣਾਂ ਦਾ ਐਲਾਣ ਕੀਤਾ ਜਾ ਚੁੱਕਾ ਹੈ। ਇਸ ਲਈ ਪੰਜਾਬ ਦੇ ਪਿੰਡਾਂ ਦੇ ਵਿਕਾਸ ਲਈ ਚੰਗੇ ਲੋਕਾਂ ਦਾ ਅੱਗੇ ਆਉਣਾ ਬਹੁਤ ਜਰੂਰੀ ਹੈ, ਤਾਂ ਜੋ ਪਿੰਡਾ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਨੇਪਰੇ ਚਾੜਿਆ ਜਾਵੇ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਲੋਕ ਰਾਜ ਦੀ ਨੀਂਹ ਹਨ ਅਤੇ ਕਿਸੇ ਵੀ ਚੰਗੇ ਕੰਮ ਨੂੰ ਪੂਰਾ ਕਰਨ ਲਈ ਨੀਂਹ ਦਾ ਮਜਬੂਤ ਹੋਣਾ ਬੇਹਦ ਜਰੂਰੀ ਹੈ। ਇਸ ਲਈ ਪੰਚਾਇਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਾਂ ਅਤੇ ਅਹੁੱਦੇਦਾਰਾਂ ਨੂੰ ਵੱਧ-ਚੜ੍ਹ ਕੇ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਅਤੇ ਲੋਕ ਹਿੱਤਾਂ ਵਿੱਚ ਕੀਤੇ ਜਾ ਰਹੇ ਕਾਰਜਾਂ ਨੂੰ ਆਮ ਜਨਤਾ ਤੱਕ ਲੈ ਕੇ ਜਾਣ, ਤਾਂ ਕਿ ਲੋਕ ਇੱਕ ਸੱਚੇ- ਸੁੱਚੇ ਅਤੇ ਇਮਾਨਦਾਰ ਇਨਸਾਨ ਨੂੰ ਅੱਗੇ ਲਿਆ ਸਕਣ। ਜੋ ਲੋਕ ਭਲਾਈ ਦੇ ਕਾਰਜਾਂ ਨੂੰ ਪਹਿਲ ਦੇਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ, ਜਿਸ ਲਈ ਸੂਝਵਾਨ ਅਤੇ ਇਮਾਨਦਾਰ ਲੋਕਾਂ ਦਾ ਅੱਗੇ ਆਉਣਾ ਜਰੂਰੀ ਹੈ ਅਤੇ ਇਹ ਤਾਂ ਮੁਮਕਿਨ ਹੋ ਸਕੇਗਾ, ਜਦੋਂ ਬਿਨਾਂ ਪਾਰਟੀ ਚੋਣ ਨਿਸ਼ਾ ਤੋਂ ਉਮੀਦਵਾਰ ਚੋਣ ਲੜਨਗੇ।
ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਲੋਕ ਦਿਨੋਂ-ਦਿਨ ਆਮ ਆਦਮੀ ਪਾਰਟੀ ਦੇ ਨਾਲ ਜੁੜ ਕੇ ਪਾਰਟੀ ਨੂੰ ਮਜਬੂਤ ਕਰ ਰਹੇ ਹਨ। ਬਿਨਾਂ ਕਿਸੇ ਭੇਦ-ਭਾਵ ਤੋਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮੁਹੱਇਆ ਕਰਵਾਇਆ ਜਾ ਰਹੀਆਂ ਹਨ। ਪੰਜਾਬ ਨੂੰ ਬਚਾਉਣ ਲਈ ਸੂਬਾ ਸਰਕਾਰ ਨੇ ਲੰਮੇ ਸਮੇਂ ਬਾਅਦ ਬੰਦ ਪਏ ਸੂਏ ਚਾਲੂ ਕੀਤੇ ਹਨ, ਸਾਰੇ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ, 872 ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ, ਔਰਤਾਂ ਨੂੰ ਮੁਫ਼ਤ ਬੱਸ ਸਫਰ, ਪਾਰਦਰਸ਼ੀ ਢੰਗ ਨਾਲ 45000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੋਕਰੀਆਂ ਤੇ ਭਰਤੀ ਕਰਨਾ, ਪੰਜਾਬ ਦੇ ਖਜ਼ਾਨੇ ਨੂੰ ਭਰਨ ਲਈ ਆਮਦਨ ਵਿੱਚ ਵਾਧਾ, ਫਰਿਸ਼ਤੇ ਸਕੀਮ, ਸੜਕ ਸੁਰੱਖਿਆਂ ਫੋਰਸ ਤੋਂ ਇਲਾਵਾ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਸਰਕਾਰ ਨੇ ਪੰਜਾਬ ਵਿੱਚ ਨਵੀਂ ਇੰਡਸਟਰੀ ਲਗਾਉਣ ਲਈ ਵੀ ਸਾਰਥਿਕ ਕਦਮ ਚੁੱਕੇ ਹਨ।
ਬਰਸਟ ਨੇ ਆਪ ਦੇ ਸਾਰੇ ਵਲੰਟੀਅਰਾਂ ਅਤੇ ਅਹੁੱਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਚਾਇਤੀ ਚੋਣਾਂ ਵਿੱਚ ਵੱਧ-ਚੜ੍ਹ ਕੇ ਅਪਣੀ ਸ਼ਮੂਲਿਅਤ ਦਰਜ਼ ਕਰਾਉਣ ਅਤੇ ਸੂਬਾ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਕਾਰਜਾਂ ਨੂੰ ਆਮ ਜਨਤਾ ਤੱਕ ਲੈ ਕੇ ਜਾਣ ।