ਅੰਮ੍ਰਿਤਸਰ, 26 ਸਤੰਬਰ, ਦੇਸ਼ ਕਲਿਕ ਬਿਊਰੋ:
ਅੰਮ੍ਰਿਤਸਰ ‘ਚ ਸਾਬਕਾ ਫੌਜੀ ਅਤੇ ਉਸ ਦੇ ਬੇਟੇ ਨੇ ਮਿਲ ਕੇ ਬਜ਼ੁਰਗ ਨੰਬਰਦਾਰ ਦਾ ਕਤਲ ਕਰ ਦਿੱਤਾ ਹੈ। ਦੋਵਾਂ ਨੇ ਬਜ਼ੁਰਗ ਦੇ ਘਰ ਆ ਕੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਉਦੋਂ ਤੋਂ ਮੁਲਜ਼ਮ ਦਾ ਪੂਰਾ ਪਰਿਵਾਰ ਫਰਾਰ ਹੈ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਲੜਾਈ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬਜ਼ੁਰਗ ਨੰਬਰਦਾਰ ਨੇ ਲੜਕੇ ਨੂੰ ਝਿੜਕਿਆ, ਜਿਸ ਕਾਰਨ ਉਹ ਆਪਣੇ ਪਿਤਾ ਨੂੰ ਬੁਲਾ ਕੇ ਲੈ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ।
ਮ੍ਰਿਤਕ ਦੇ ਰਿਸ਼ਤੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਇਹ ਘਟਨਾ ਬੀਤੀ ਸ਼ਾਮ ਅੰਮ੍ਰਿਤਸਰ ਦੇ ਕੱਥੂਨੰਗਲ ਥਾਣਾ ਅਧੀਨ ਪੈਂਦੇ ਪਿੰਡ ਸਰਹਾਲਾ ਦੀ ਹੈ। ਮ੍ਰਿਤਕ ਬਜ਼ੁਰਗ ਭਗਵੰਤ ਸਿੰਘ ਨੰਬਰਦਾਰ ਕੱਲ੍ਹ ਸ਼ਾਮ ਮੱਝਾਂ ਦਾ ਦੁੱਧ ਕੱਢ ਕੇ ਆਇਆ ਸੀ।
ਉਹ ਅਜੇ ਆਇਆ ਹੀ ਸੀ ਕਿ ਮੁਲਜ਼ਮ ਵੀ ਦੋ ਗੱਡੀਆਂ ‘ਚ ਆਏ ਅਤੇ ਬਿਨਾਂ ਕਿਸੇ ਗੱਲਬਾਤ ਦੇ ਨੰਬਰਦਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਮਾਮਲਾ ਸਿਰਫ ਬੱਚਿਆਂ ਦੀ ਸਕੂਲ ਦੀ ਲੜਾਈ ਦਾ ਸੀ। ਕੋਈ ਦੁਸ਼ਮਣੀ ਨਹੀਂ ਸੀ। ਫਿਰ ਵੀ ਮੁਲਾਜ਼ਮਾਂ ਨੇ ਨੰਬਰਦਾਰ ਦਾ ਕਤਲ ਕਰ ਦਿੱਤਾ। ਹਰਜਿੰਦਰ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।