ਖੇਤੀਬਾੜੀ ਮੰਤਰੀ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਆਸਾਨੀ ਨਾਲ ਉਪਲੱਬਧ ਕਰਵਾਉਣ ਲਈ “ਉੱਨਤ ਕਿਸਾਨ” ਮੋਬਾਈਲ ਐਪ ਲਾਂਚ

ਪੰਜਾਬ



* ਉੱਨਤ ਕਿਸਾਨ ਐਪ ਪੰਜਾਬ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਵਰਦਾਨ ਹੋਵੇਗੀ ਸਾਬਤ: ਗੁਰਮੀਤ ਸਿੰਘ ਖੁੱਡੀਆਂ

* ਮਸ਼ੀਨਾਂ ਦੀ ਸੌਖੀ ਉਪਲੱਬਧਤਾ ਲਈ 1.30 ਲੱਖ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਨੂੰ ਕੀਤਾ ਮੈਪ

* ਸੀ.ਆਰ.ਐਮ. ਮਸ਼ੀਨਾਂ ਦੀ ਬੁਕਿੰਗ ਪ੍ਰਕਿਰਿਆ ਵਿੱਚ ਕਿਸਾਨਾਂ ਦੀ ਸਹਾਇਤਾ ਲਈ 5 ਹਜ਼ਾਰ ਤੋਂ ਵੱਧ ਫੈਸਿਲੀਟੇਟਰ/ਨੋਡਲ ਅਧਿਕਾਰੀ ਤਾਇਨਾਤ
ਚੰਡੀਗੜ੍ਹ, 26 ਸਤੰਬਰ: ਦੇਸ਼ ਕਲਿੱਕ ਬਿਓਰੋ

ਸੂਬੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ “ਉੱਨਤ ਕਿਸਾਨ” ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੈ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਮਸ਼ੀਨਾਂ ਆਸਾਨੀ ਨਾਲ ਉਪਲੱਬਧ ਕਰਵਾਈਆਂ ਜਾ ਸਕਣ।
ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਸੀ.ਆਰ.ਐਮ. ਮਸ਼ੀਨਾਂ ਤੱਕ ਆਸਾਨ ਪਹੁੰਚ ਯਕੀਨੀ ਬਣਾਉਣ ਸਬੰਧੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਸ ਐਪ ‘ਤੇ ਕਿਸਾਨਾਂ ਲਈ 1.30 ਲੱਖ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਨੂੰ ਮੈਪ ਕੀਤਾ ਗਿਆ ਹੈ। ਇਸ ਮੋਬਾਈਲ ਐਪਲੀਕੇਸ਼ਨ ਰਾਹੀਂ ਕਿਸਾਨ ਆਪਣੇ ਆਸ-ਪਾਸ ਉਪਲਬਧ ਮਸ਼ੀਨ ਆਸਾਨੀ ਨਾਲ ਬੁੱਕ ਕਰਵਾ ਸਕਦੇ ਹਨ। ਮਸ਼ੀਨ ਦੀ ਵਰਤੋਂ ਦੀ ਨਿਗਰਾਨੀ ਕਰਨ ਅਤੇ ਕਿਸਾਨਾਂ ਵੱਲੋਂ ਰਹਿੰਦ-ਖੂੰਹਦ ਪ੍ਰਬੰਧਨ ਸਬੰਧੀ ਕੀਤੀਆਂ ਗਈਆਂ ਸਾਰੀਆਂ ਗਤੀਵਿਧੀਆਂ ਦਾ ਦਸਤਾਵੇਜ਼ੀਕਰਨ ਕਰਨ ਲਈ ਹਰੇਕ ਮਸ਼ੀਨ ਨੂੰ ਕਾਸ਼ਤਯੋਗ ਜ਼ਮੀਨ ਦੇ ਖੇਤਰ ਅਨੁਸਾਰ ਜੀਓ-ਟੈਗ ਕੀਤਾ ਗਿਆ ਹੈ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮਸ਼ੀਨਾਂ ਦੀ ਬੁਕਿੰਗ ਪ੍ਰਕਿਰਿਆ ਵਿੱਚ ਕਿਸਾਨਾਂ ਦੀ ਸਹਾਇਤਾ ਲਈ 5,000 ਤੋਂ ਵੱਧ ਫੈਸਿਲੀਟੇਟਰ/ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ। ਇਸ ਐਪ ਰਾਹੀਂ ਪ੍ਰਾਈਵੇਟ ਵਿਅਕਤੀ, ਜਿਹਨਾਂ ਕੋਲ ਸੀ.ਆਰ.ਐਮ. ਮਸ਼ੀਨਾਂ, ਅਤੇ ਬੇਲਰ ਐਗਰੀਗੇਟਰ ਹਨ, ਇਸ ਐਪ ‘ਤੇ ਰਜਿਸਟਰੇਸ਼ਨ ਕਰਾ ਕੇ ਆਪਣੀਆਂ ਮਸ਼ੀਨਾਂ ਨੂੰ ਖੇਤੀਬਾੜੀ ਉਦੇਸ਼ਾਂ ਲਈ ਦੇ ਸਕਦੇ ਹਨ।
ਸੂਬੇ ਦੇ ਕਿਸਾਨਾਂ ਨੂੰ ਫਸਲੀ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੋਂ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਕਿਸਾਨਾਂ ਨੂੰ ਇਸ ਮੋਬਾਈਲ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਗੂਗਲ ਪਲੇਅ https://play.google.com/store/apps/details?id=com.app.unnatkisan ਅਤੇ ਐਪਲ ਐਪ ਸਟੋਰ https://apps.apple.com/in/app/unnat-kisan/id6451381977  ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।  
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ, ਡਾਇਰੈਕਟਰ ਖੇਤੀਬਾੜੀ ਜਸਵੰਤ ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਆਈ.ਟੀ. ਵਿੰਗ ਦੀ ਟੀਮ ਵੀ ਮੌਜੂਦ ਸੀ।

Latest News

Latest News

Leave a Reply

Your email address will not be published. Required fields are marked *