ਚੰਡੀਗੜ੍ਹ, 26 ਸਤੰਬਰ, ਦੇਸ਼ ਕਲਿੱਕ ਬਿਓਰੋ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਅਤੇ ਉਨ੍ਹਾਂ ਦੇ ਡਰਾਪ ਆਊਟ ਨੂੰ ਘਟਾਉਣ ਦੇ ਮਕਸਦ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸ਼ੁਰੂ ਕੀਤੀ ਗਈ ਬੱਸ ਸਰਵਿਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਜੀਵਨ ਵਿੱਚ ਉਸਾਰੂ ਤਬਦੀਲੀ ਆਈ ਹੈ। ਉਕਤ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਇੱਥੇ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਤਕਰੀਬਨ 200 ਸਕੂਲਾਂ ਵਿੱਚ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਜਿਹਨਾਂ ਵਿੱਚੋਂ 118 ਸਕੂਲ ਆਫ਼ ਐਮੀਨੈਂਸ ਹਨ। ਇਨ੍ਹਾਂ ਸਕੂਲਾਂ ਦੇ 10448 ਵਿਦਿਆਰਥੀ ਜਿਹਨਾਂ ਵਿੱਚੋਂ 7698 ਲੜਕੀਆਂ ਅਤੇ 2740 ਲੜਕਿਆਂ ਨੂੰ ਟਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਦੀਆਂ 4304 ਵਿਦਿਆਰਥਣਾਂ 10 ਤੋਂ 20 ਕਿਲੋਮੀਟਰ ਦੀ ਸਫਰ ਸਹੂਲਤ ਦਾ ਲਾਭ ਲੈ ਰਹੀਆਂ ਹਨ ਜਦਕਿ 1002 ਵਿਦਿਆਰਥਣਾਂ 20 ਕਿਲੋਮੀਟਰ ਤੋਂ ਵੱਧ ਦਾ ਸਫਰ ਸਹੂਲਤ ਦਾ ਲਾਭ ਲੈ ਰਹੀਆਂ ਹਨ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਸਭ ਤੋਂ ਵੱਧ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਸਥਿਤ ਐਸ.ਜੀ.ਆਰ.ਐਮ ਗਰਲਜ਼ ਸਕੂਲ ਦੀਆਂ 712 ਵਿਦਿਆਰਥਣਾਂ ਬੱਸ ਸਹੂਲਤ ਲਾਭ ਲੈ ਰਹੀਆਂ ਹਨ ਜਦਕਿ ਇਹਨਾਂ ਤੋਂ ਬਾਅਦ ਦੂਸਰੇ ਨੰਬਰ ‘ਤੇ ਬਠਿੰਡਾ ਦੇ ਮਾਲ ਰੋਡ ‘ਤੇ ਸਥਿਤ ਸਰਕਾਰੀ ਸਕੂਲ ਦੀਆਂ 645 ਲੜਕੀਆਂ, ਗਰਲਜ਼ ਸਕੂਲ, ਨਹਿਰੂ ਗਾਰਡਨ ਗਰਲਜ਼ ਸਕੂਲ, ਜਲੰਧਰ ਦੀਆਂ 466, ਕੋਟਕਪੂਰਾ 399, ਸਰਕਾਰੀ ਕੰਨਿਆ ਸਕੂਲ, ਆਨੰਦਪੁਰ ਸਾਹਿਬ ਦੀਆਂ 300 ਵਿਦਿਆਰਥਣਾਂ ਅਤੇ ਫਤਹਿਗੜ੍ਹ ਸਾਹਿਬ ਦੇ ਕੰਨਿਆ ਸਕੂਲ, ਗੋਬਿੰਦਗੜ੍ਹ ਦੀਆਂ 200 ਵਿਦਿਆਰਥਣਾਂ ਇਸ ਸਹੂਲਤ ਦਾ ਲਾਭ ਲੈ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਸਹੂਲਤ ਸਦਕਾ ਵਿਦਿਆਰਥਣਾਂ ਦੇ ਸਕੂਲ ਸਿੱਖਿਆ ਅੱਧ ਵਿਚਕਾਰ ਛੱਡਣ ਦੇ ਰੁਝਾਨ ਨੂੰ ਵੀ ਠੱਲ ਪਈ ਹੈ ਅਤੇ ਪੰਜਾਬ ਸਰਕਾਰ ਇਸ ਸਹੂਲਤ ਦਾ ਦਾਇਰਾ ਹੌਲੀ-ਹੌਲੀ ਵਧਾ ਰਹੀ ਹੈ।