ਦੂਸਰਿਆਂ ਨੂੰ ਵੀ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਅਤੇ ਕਿਹਾ ਲੋਕਾਂ ਨਾਲ ਸਬੰਧਤ ਕੋਈ ਵੀ ਅਸੁਵਿਧਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਐਸ.ਏ.ਐਸ.ਨਗਰ, 27 ਸਤੰਬਰ, 2024: ਦੇਸ਼ ਕਲਿੱਕ ਬਿਓਰੋ
ਸਥਾਨਕ ਤਹਿਸੀਲ ਕੰਪਲੈਕਸ ਦੇ ਇੱਕ ਅਸ਼ਟਾਮ ਫ਼ਰੋਸ਼ ਵਿਰੁੱਧ ਮਿਸਾਲੀ ਕਾਰਵਾਈ ਕਰਦੇ ਹੋਏ, ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ, ਮੋਹਾਲੀ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਪੰਜਾਬ ਸਟੈਂਪ ਐਕਟ ਰੂਲਜ਼ 1934 ਦੇ ਨਿਯਮ 31 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲਾਇਸੈਂਸ ਨੂੰ ਰੱਦ ਕਰ ਦਿੱਤਾ ਹੈ।
ਇਹ ਹੁਕਮ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ 5 ਸਤੰਬਰ 2024 ਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਅਸ਼ਟਾਮ ਫ਼ਰੋਸ਼ ਬਲਵਿੰਦਰ ਸਿੰਘ ਨੇ ਸਟੈਂਪ ਪੇਪਰ ਜਾਰੀ ਕਰਨ ਲਈ ਵੱਧ ਕੀਮਤ ਵਸੂਲੀ ਹੈ। ਸ਼ਿਕਾਇਤ ਦੀ ਸੱਚਾਈ ਦੀ ਜਾਂਚ ਕਰਨ ਲਈ, 11 ਸਤੰਬਰ ਨੂੰ ਇੱਕ ਗਾਹਕ ਨੂੰ ਅਸ਼ਟਾਮ ਫ਼ਰੋਸ਼ ਕੋਲ ਭੇਜਿਆ ਗਿਆ ਅਤੇ ਉਸਨੇ 50 ਰੁਪਏ ਦੇ ਸਟੈਂਪ ਪੇਪਰ ਦੀ ਕੀਮਤ ਦੇ ਬਦਲੇ 80 ਰੁਪਏ ਦੀ ਮੰਗ ਕੀਤੀ। ਓਵਰ ਚਾਰਜਿੰਗ ਬਾਰੇ ਜਦੋਂ ਉਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਸੇਵਾ ਕੇਂਦਰ ਤੋਂ 50 ਰੁਪਏ ਵਿੱਚ ਮਿਲ ਸਕਦਾ ਹੈ ਪਰ ਉਹ 80 ਰੁਪਏ ਵਸੂਲਦਾ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਅਸ਼ਟਾਮ ਫ਼ਰੋਸ਼ ਵਿਰੁੱਧ ਸ਼ਿਕਾਇਤ ਨੂੰ ਤੱਥਾਂ ‘ਤੇ ਸਹੀ ਪਾਏ ਜਾਣ ‘ਤੇ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ, ਜੋ ਕਿ ਹੋਰਨਾਂ ਲਈ ਵੀ ਸਪੱਸ਼ਟ ਸੰਕੇਤ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਆਮ ਜਨਤਾ ਨੂੰ ਪ੍ਰੇਸ਼ਾਨ ਨਹੀਂ ਕਰਨ ਦਿੱਤਾ ਜਾਵੇਗਾ।
Published on: ਸਤੰਬਰ 27, 2024 2:04 ਬਾਃ ਦੁਃ