ਪੰਜਾਬ ਨੂੰ ਐਡਵੈਂਚਰ ਟੂਰਿਜ਼ਮ ਦੇ ਕੇਂਦਰ ਵਜੋਂ ਉਤਸ਼ਾਹਿਤ ਕਰੇਗਾ ਉੱਤਰੀ ਭਾਰਤ ਦਾ ਅਹਿਮ ਮੋਟਰਸਪੋਰਟ ਈਵੈਂਟ : ਤਰੁਨਪ੍ਰੀਤ ਸਿੰਘ ਸੌਂਦ
ਰੈਲੀ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ, ਔਰਤਾਂ ਅਤੇ ਸੀਨੀਅਰ ਸਿਟੀਜ਼ਨ ਦੀ ਸ਼ਮੂਲੀਅਤ ਵਾਲੀਆਂ 46 ਵੱਖ-ਵੱਖ ਟੀਮਾਂ ਲੈ ਰਹੀਆਂ ਨੇ ਹਿੱਸਾ
ਚੰਡੀਗੜ੍ਹ, 27 ਸਤੰਬਰ: ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ੁੱਕਰਵਾਰ ਸ਼ਾਮ ਨੂੰ ਇਥੇ ਸੇਂਟ ਜੌਹਨ ਹਾਈ ਸਕੂਲ ਵਿਖੇ 20ਵੀਂ ਸਜੋਬਾ ਟੀ.ਐਸ.ਡੀ. ਰੈਲੀ 2024 ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਰੋਮਾਂਚਕ ਤਿੰਨ ਰੋਜ਼ਾ ਮੋਟਰਸਪੋਰਟ ਈਵੈਂਟ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਭਾਰਤ ਦੇ ਵੱਖ-ਵੱਖ ਹਿੱਸਿਆਂ, ਜਿਵੇਂ ਕਿ ਕੋਲਕਾਤਾ, ਮੁੰਬਈ, ਸ਼ਿਲਾਂਗ ਅਤੇ ਉੱਤਰਾਖੰਡ, ‘ਤੋਂ ਕੁੱਲ 46 ਟੀਮਾਂ ਹਿੱਸਾ ਲੈ ਰਹੀਆਂ ਹਨ।
ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਕੱਤਰ ਸ੍ਰੀ ਮਾਲਵਿੰਦਰ ਸਿੰਘ ਜੱਗੀ ਨੇ ਇਸ ਮੋਟਰਸਪੋਰਟ ਈਵੈਂਟ ਨੂੰ ਕਰਵਾਉਣ ਲਈ ਸੇਂਟ ਜੌਹਨਜ਼ ਓਲਡ ਬੁਆਏਜ਼ ਐਸੋਸੀਏਸ਼ਨ (ਸਜੋਬਾ) ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ 20ਵੀਂ ਸਜੋਬਾ ਟੀ.ਐਸ.ਡੀ. ਰੈਲੀ 2024 ਵਿੱਚ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਕੋ-ਸਪੌਂਸਰ ਵਜੋਂ ਸ਼ਾਮਲ ਹੈ। ਇਹ ਰੈਲੀ 28 ਅਤੇ 29 ਸਤੰਬਰ ਨੂੰ ਰੋਜ਼ਾਨਾ ਲਗਭਗ 250 ਕਿਲੋਮੀਟਰ ਸਫ਼ਰ ਤੈਅ ਕਰਨ ਉਪਰੰਤ ਸ਼ਾਮ 6 ਵਜੇ ਸੇਂਟ ਜੌਹਨਜ਼ ਹਾਈ ਸਕੂਲ ਵਿਖੇ ਫਲੈਗ-ਇਨ ਪੁਆਇੰਟ ‘ਤੇ ਪਹੁੰਚੇਗੀ।
ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਕਿ ਇਹ ਮੋਟਰਸਪੋਰਟ ਰੈਲੀ ਪੰਜਾਬ ਦੇ ਸੁੰਦਰ ਅਤੇ ਦਿਲਕਸ਼ ਭੂਗੋਲਿਕ ਦ੍ਰਿਸ਼ਾਂ ਨੂੰ ਪਾਰ ਕਰਦਿਆਂ, ਸੂਬੇ ਨੂੰ ਐਡਵੈਂਚਰ ਟੂਰਿਜ਼ਮ ਦੇ ਕੇਂਦਰ ਵਜੋਂ ਉਤਸ਼ਾਹਿਤ ਕਰੇਗੀ। ਰੈਲੀ ਦਾ ਰੂਟ ਹੁਸ਼ਿਆਰਪੁਰ, ਐਸ.ਬੀ.ਐਸ.ਨਗਰ, ਰੋਪੜ ਅਤੇ ਐਸ.ਏ.ਐਸ ਨਗਰ (ਮੋਹਾਲੀ) ਵਿੱਚੋਂ ਹੋ ਕੇ ਜਾਵੇਗਾ।
ਉਨ੍ਹਾਂ ਕਿਹਾ ਕਿ ਸਜੋਬਾ ਟੀ.ਡੀ.ਐਸ. ਰੈਲੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ ਅਤੇ ਇਸਨੂੰ ਉੱਤਰੀ ਭਾਰਤ ਦੇ ਸਭ ਤੋਂ ਲੰਬੇ ਸਫ਼ਰ ਵਾਲੇ ਮੋਟਰਸਪੋਰਟ ਈਵੈਂਟ ਵਜੋਂ ਜਾਣਿਆ ਜਾਂਦਾ ਹੈ। ਇਹ ਆਖਦਿਆਂ ਕਿ ਇਹ ਇਸ ਸਾਲ ਕਰਵਾਈ ਜਾਣ ਵਾਲੀ ਪਹਿਲੀ ਮੋਟਰਸਪੋਰਟ ਰੈਲੀ ਹੈ, ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਰੈਲੀ ਮੋਟਰਸਪੋਰਟ ਪ੍ਰੇਮੀਆਂ ਦੇ ਉਤਸ਼ਾਹ ਨੂੰ ਵਧਾਉਣ ਅਤੇ ਇਸ ਈਵੈਂਟ ਜ਼ਰੀਏ ਸੂਬੇ ਨੂੰ ਐਡਵੈਂਚਰ ਟੂਰਿਜ਼ਮ ਦੇ ਹੱਬ ਵਜੋਂ ਦਰਸਾਉਣ ਲਈ ਅਹਿਮ ਸਿੱਧ ਹੋਵੇਗੀ। ਇਸ ਵਿੱਚ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ, ਔਰਤਾਂ ਅਤੇ ਸੀਨੀਅਰ ਸਿਟੀਜ਼ਨ ਦੀ ਸ਼ਮੂਲੀਅਤ ਵਾਲੀਆਂ 46 ਵੱਖ-ਵੱਖ ਟੀਮਾਂ ਹਿੱਸਾ ਲੈ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਵਿੱਚ ਤਿੰਨ ਟੀਮਾਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ , ਔਰਤਾਂ ਦੀਆਂ 12 ਟੀਮਾਂ, ਪੇਸ਼ੇਵਰਾਂ ਦੀਆਂ 22 ਟੀਮਾਂ ਅਤੇ ਪਹਿਲੀ ਵਾਰ ਹਿੱਸਾ ਲੈ ਰਹੇ ਵਿਅਕਤੀਆਂ ਦੀਆਂ 12 ਟੀਮਾਂ ਸ਼ਾਮਲ ਹੋਣਗੀਆਂ।
ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਇਹ ਰੈਲੀ ਪੰਜਾਬ ਦੀ ਵਿਲੱਖਣ ਸੁੰਦਰਤਾ ਅਤੇ ਵੰਨ-ਸੁਵੰਨੇ ਸੱਭਿਆਚਾਰ ਨੂੰ ਪੇਸ਼ ਕਰਨ ਦਾ ਇਕ ਬਿਹਤਰ ਮੌਕਾ ਹੈ, ਜੋ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਭਾਗੀਦਾਰਾਂ ਅਤੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇਗੀ। ਇਸ ਰੈਲੀ ਲਈ ਚੁਣੇ ਗਏ ਸੁੰਦਰ ਅਤੇ ਰੋਮਾਂਚਕ ਮਾਰਗ ਐਡਵੈਂਚਰ ਟੈਰਿਜ਼ਮ ਲਈ ਸੂਬੇ ਨੂੰ ਤਰਜੀਹੀ ਤੇ ਚੋਟੀ ਦੇ ਸਥਾਨ ਵਜੋਂ ਪੇਸ਼ ਕਰਨਗੇ ਜੋ ਮੋਟਰਸਪੋਰਟ ਪ੍ਰਸ਼ੰਸਕਾਂ ਅਤੇ ਕੁਦਰਤ ਪ੍ਰੇਮੀਆਂ ਦੋਵਾਂ ਲਈ ਆਕਰਸ਼ਣ ਦਾ ਕੇਂਦਰ ਹੋਣਗੇ।
ਵਿਭਾਗ ਦੇ ਸਕੱਤਰ ਸ੍ਰੀ ਮਾਲਵਿੰਦਰ ਸਿੰਘ ਜੱਗੀ ਨੇ ਕਿਹਾ ਕਿ ਸੈਰ ਸਪਾਟਾ ਵਿਭਾਗ ਖਿੱਤੇ ਵਿੱਚ ਸੈਰ ਸਪਾਟੇ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਾਲੀਆਂ ਪਹਿਲਕਦਮੀਆਂ ਦੇ ਸਮਰਥਨ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸਜੋਬਾ ਟੀ.ਐਸ.ਡੀ. ਰੈਲੀ ਵਿੱਚ ਕੋ-ਸਪਾਂਸਰ ਵਜੋਂ ਸ਼ਾਮਲ ਹੋਣ ਪਿੱਛੇ ਵਿਭਾਗ ਦਾ ਉਦੇਸ਼ ਸੂਬੇ ਦੀ ਅਮੀਰ ਵਿਰਾਸਤ ਅਤੇ ਐਡਵੈਂਚਰ ਸਪੋਰਟਸ ਪ੍ਰਤੀ ਸਾਡੇ ਉਤਸ਼ਾਹ ਨੂੰ ਦਰਸਾਉਂਦਿਆਂ ਪੰਜਾਬ ਸੂਬੇ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣਾ ਹੈ। ਉਨ੍ਹਾਂ ਨੇ ਐਡਵੈਂਚਰ ਸਪੋਰਟਸ ਅਤੇ ਮੋਟਰਸਪੋਰਟ ਪ੍ਰੇਮੀਆਂ ਨੂੰ ਸਜੋਬਾ ਟੀ.ਐਸ.ਡੀ. ਰੈਲੀ 2024 ਦਾ ਆਨੰਦਮਈ ਅਨੁਭਵ ਲੈਣ ਲਈ ਨਿੱਘਾ ਸੱਦਾ ਦਿੱਤਾ। ਇਸ ਮੌਕੇ ਸਜੋਬਾ ਦੇ ਪ੍ਰਧਾਨ ਹਰਪਾਲ ਸਿੰਘ ਮਲਵਈ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ।
Published on: ਸਤੰਬਰ 27, 2024 2:19 ਬਾਃ ਦੁਃ