ਲੋਕ ਪੁਰਾਣੀਆਂ ਬਿਮਾਰੀਆਂ ਤੋਂ ਨਿਜਾਤ ਪਾ ਕੇ ਹੋਰਨਾਂ ਨੂੰ ਵੀ ਪ੍ਰੇਰ ਰਹੇ ਨੇ ਯੋਗਾ ਦਾ ਹਿੱਸਾ ਬਣਨ ਲਈ
ਮੋਹਾਲੀ ਦੇ ਸੈਕਟਰ 68, 69, 70 ਤੇ 78 ਵਿੱਚ ਲਾਏ ਜਾ ਰਹੇ ਨੇ ਰੋਜ਼ਾਨਾ 6 ਯੋਗਾ ਸੈਸ਼ਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਸਤੰਬਰ, 2024: ਦੇਸ਼ ਕਲਿੱਕ ਬਿਓਰੋ
ਸੀ ਐਮ ਦੀ ਯੋਗਸ਼ਾਲਾ ਤਹਿਤ ਲਾਏ ਜਾ ਰਹੇ ਯੋਗਾ ਸੈਸ਼ਨ ਲੋਕਾਂ ਦੇ ਪੁਰਾਣੇ ਰੋਗਾਂ ਦਾ ਨਿਵਾਰਣ ਕਰਨ ਵਿੱਚ ਸਹਾਈ ਹੋ ਰਹੇ ਹਨ। ਮੋਹਾਲੀ ਦੇ ਸੈਕਟਰ 68, 69, 70 ਤੇ 78 ’ਚ ਰੋਜ਼ਾਨਾ 6 ਯੋਗਾ ਸੈਸ਼ਨ ਸਵੇਰ ਲਗਾਏ ਜਾ ਰਹੇ ਹਨ, ਜਿਨ੍ਹਾਂ ’ਚ 150 ਤੋਂ ਵਧੇਰੇ ਸ਼ਹਿਰ ਵਾਸੀ ਸ਼ਾਮਿਲ ਹੋ ਕੇ ਆਪਣੀ ਜੀਵਨ ਸ਼ੈਲੀ ਨੂੰ ਚੁਸਤ-ਦਰੁਸਤ ਕਰ ਰਹੇ ਹਨ।
ਇਨ੍ਹਾਂ ਥਾਂਵਾਂ ’ਤੇ ਯੋਗਾ ਸਿਖਲਾਈ ਦੇ ਰਹੇ ਇੰਸਟ੍ਰੱਕਟਰ ਸੁਰਿੰਦਰ ਝਾ ਨੇ ਦੱਸਿਆ ਕਿ ਸੈਕਟਰ 69, 70 ਤੇ 78 ’ਚ ਇੱਕ-ਇੱਕ ਯੋਗਾ ਸੈਸ਼ਨ ਰੋਜ਼ਾਨਾ ਅਤੇ ਸੈਕਟਰ 68 ’ਚ ਤਿੰਨ ਯੋਗਾ ਸੈਸ਼ਨ ਰੋਜ਼ਾਨਾ ਲਾਏ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਯੋਗਾ ਦਾ ਸਰੀਰ ’ਤੇ ਦੀਰਘ ਕਾਲੀ ਪ੍ਰਭਾਵ ਪੈਂਦਾ ਹੈ ਜਿਸ ਨਾਲ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਉਨ੍ਹਾਂ ਉਦਾਹਰਣ ਦਿੰਦਿਆਂ ਦੱਸਿਆ ਕਿ ਨੱਕ ’ਚੋਂ ਪਾਣੀ ਦੀ ਸਮੱਸਿਆ ਤੋਂ ਪੀੜਤ ਰਤੀ ਰਜ਼ਮੀ ਰੰਗਾ (65 ਸਾਲ) ਨੇ ਆਪਣੀ ਇਸ ਸਰੀਰਕ ਮੁਸ਼ਕਿਲ ’ਤੇ ਕਾਬੂ ਪਾਉਣ ਬਾਅਦ ਯੋਗ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ ਅਤੇ ਉਹ ਰੋਜ਼ਾਨਾ ਸੈਕਟਰ 68 ਵਿਖੇ ਲਾਈ ਜਾਂਦੀ ਕਲਾਸ ’ਚ ਯੋਗ ਕਰਨ ਆਉਂਦੇ ਹਨ।
ਸੈਕਟਰ 68 ਦੇ ਇੱਕ ਹੋਰ ਕੇਸ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਪਿੱਠ (ਮਣਕੇ ਦੀ ਸਮੱਸਿਆ ਕਾਰਨ) ਦਰਦ ਤੋਂ ਪੀੜਤ ਹਰਪ੍ਰੀਤ ਕੌਰ (65 ਸਾਲ) ਨੂੰ ਪਹਿਲੀ ਵਾਰ ਯੋਗ ਕਲਾਸ ’ਚ ਵ੍ਹੀਲ ਚੇਅਰ ’ਤੇ ਲਿਆਂਦਾ ਗਿਆ ਸੀ, ਅੱਜ ਉਹ ਬੜੀ ਆਸਾਨੀ ਨਾਲ ਸੂਰਜ ਨਮਸ਼ਕਾਰ ਆਸਣ ਕਰ ਲੈਂਦੀ ਹੈ। ਯੋਗ ਨੇ ਉਸ ਦੀ ਨੀਰਸ ਜ਼ਿੰਦਗੀ ’ਚ ਮੁਕੰਮਲ ਬਦਲਾਅ ਲੈ ਆਂਦਾ ਹੈ।
ਉਨ੍ਹਾਂ ਕਿਹਾ ਕਿ ਯੋਗ ਸਾਧਕ ਬਣਨ ਲਈ ਬੱਸ ਇੱਕ ਵਾਰ ਮਨ ਨੂੰ ਧਿਆਨ ’ਚ ਲਿਆਉਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਉਸ ਦੇ ਸਰੀਰ ’ਤੇ ਪੈਣ ਵਾਲੇ ਹਾਂ-ਪੱਖੀ ਪ੍ਰਭਾਵ ਤੋਂ ਬਾਅਦ ਯੋਗਾ ਨਾਲ ਪੱਕੀ ਦੋਸਤੀ ਬਣ ਜਾਂਦੀ ਹੈ। ਜ਼ਿਲ੍ਹੇ ’ਚ ਚੱਲ ਰਹੀਆਂ ਯੋਗਾ ਕਲਾਸਾਂ ਦਾ ਹਿੱਸਾ ਬਣਨ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਮੁਫ਼ਤ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਅਤੇ ਕਲਾਸ ਲਾਉਣ ਦਾ ਵੀ ਕੋਈ ਚਾਰਜ ਜਾਂ ਫ਼ੀਸ ਨਹੀਂ ਲਈ ਜਾਂਦੀ।