ਬੇਰੁਜ਼ਗਾਰਾਂ ਦੀ ਸਾਰ ਲੈਣਾ ਭੁੱਲੀ ਸਰਕਾਰ; ਮੀਟਿੰਗਾਂ ਬਣੀਆਂ ਲਾਰੇ: ਬੇਰੁਜ਼ਗਾਰ ਸਾਂਝਾ ਮੋਰਚਾ
ਦਲਜੀਤ ਕੌਰ
ਸੰਗਰੂਰ, 27 ਸਤੰਬਰ, 2024: ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਦੇ ‘ ਬੇਰੁਜ਼ਗਾਰ ਸਾਂਝੇ ਮੋਰਚੇ’ ਵੱਲੋਂ 29 ਸਤੰਬਰ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕਰਕੇ ਕੋਠੀ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਹੈ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਮੀਟਿੰਗਾਂ ਦੇ ਦਿੱਤੇ ਜਾ ਰਹੇ ਭਰੋਸੇ, ਲਾਰੇ ਸਾਬਤ ਹੋ ਰਹੇ ਹਨ। ਇਹ ਡਰਾਮਾ ਪਿਛਲੇ ਕਰੀਬ ਢਾਈ ਸਾਲ ਤੋਂ ਜਾਰੀ ਹੈ। ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਅਤੇ ਲੈਕਚਰਾਰ ਦੀ ਇਕ ਵੀ ਅਸਾਮੀ ਜਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਦਿੱਤੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸਦੀ ਤਾਜ਼ਾ ਉਦਾਹਰਨ 27 ਸਤੰਬਰ ਨੂੰ ਸਿੱਖਿਆ ਮੰਤਰੀ ਪੰਜਾਬ ਨਾਲ ਹੋਣ ਵਾਲੀ ਪੈਨਲ ਮੀਟਿੰਗ ਹੈ, ਜਿਹੜੀ 26 ਸਤੰਬਰ ਸ਼ਾਮ ਰੱਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਟਾਲ ਮਟੋਲ ਨੀਤੀ ਤੋ ਅੱਕੇ ਬੇਰੁਜ਼ਗਾਰ 29 ਸਤੰਬਰ ਨੂੰ ਸਥਾਨਕ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ। ਉਨ੍ਹਾਂ ਦੱਸਿਆ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਭਰਤੀ ਦੀ ਮੰਗ ਅਤੇ ਉਮਰ ਹੱਦ ਛੋਟ ਦੀ ਮੰਗ ਨੂੰ ਲੈਕੇ ਸੰਘਰਸ਼ ਕਰਦੇ ਬੇਰੁਜ਼ਗਾਰਾਂ ਨੇ ਸਾਂਝੇ ਮੋਰਚੇ ਨੂੰ ਮੁੱਖ ਮੰਤਰੀ ਨੇ 7 ਜੁਲਾਈ ਨੂੰ ਜਲੰਧਰ ਵਿਖੇ ਆਪਣੀ ਰਿਹਾਇਸ਼ ਉੱਤੇ ਮਿਲਣੀ ਕਰਕੇ ਭਰੋਸਾ ਦਿੱਤਾ ਸੀ ਕਿ ਜਲੰਧਰ ਦੀ ਜ਼ਿਮਨੀ ਚੋਣ ਮਗਰੋ 15 ਜੁਲਾਈ ਦੇ ਨੇੜੇ ਤੇੜੇ ਬੇਰੁਜ਼ਗਾਰਾਂ ਦੀ ਪੈਨਲ ਮੀਟਿੰਗ ਖੁਦ ਮੁੱਖ ਮੰਤਰੀ ਕਰਨਗੇ, ਪ੍ਰੰਤੂ ਲੰਬਾ ਸਮਾਂ ਉਡੀਕਣ ਮਗਰੋ ਅਜੇ ਤੱਕ ਖੁਦ ਮੁੱਖ ਮੰਤਰੀ ਨੇ ਕੋਈ ਵੀ ਪੈਨਲ ਮੀਟਿੰਗ ਨਹੀਂ ਕੀਤੀ। ਆਗੂਆਂ ਨੇ ਦੱਸਿਆ ਕਿ ਸਾਂਝੇ ਮੋਰਚੇ ਨਾਲ 11 ਸਤੰਬਰ ਨੂੰ ਭਾਵੇਂ ਕੈਬਨਿਟ ਸਬ ਕਮੇਟੀ ਨੇ ਮੀਟਿੰਗ ਕਰਕੇ ਮੰਗਾਂ ਸਬੰਧੀ ਭਰੋਸੇ ਦਿੱਤੇ ਸੀ ਜਿਹੜੇ ਅਜੇ ਤੱਕ ਲਾਰੇ ਬਣੇ ਹੋਏ ਹਨ। ਬੇਰੁਜ਼ਗਾਰ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਡੰਗ ਟਪਾ ਰਹੀ ਹੈ। ਸਰਕਾਰ ਪੰਜਾਬ ਅੰਦਰ ਜਲਦੀ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੀ ਉਡੀਕ ਵਿਚ ਹੈ।
ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਰੁਜ਼ਗਾਰ ਵਿਰੋਧੀ ਅਸਲੀ ਚਿਹਰਾ ਪ੍ਰਗਟ ਹੋ ਚੁੱਕਾ ਹੈ। ਇਸ ਸਮੇਂ ਅਮਨ ਸੇਖਾ, ਗੁਰਪ੍ਰੀਤ ਸਿੰਘ ਪੱਕਾ, ਜਗਸੀਰ ਜਲੂਰ ਅਤੇ ਸੁਖਪਾਲ ਖ਼ਾਨ ਆਦਿ ਹਾਜ਼ਰ ਸਨ। ਬੇਰੁਜ਼ਗਾਰ ਆਪਣੀਆਂ ਹੇਠਾਂ ਦਰਜ਼ ਮੰਗਾਂ ਦੀ ਪੂਰਤੀ ਲਈ 29 ਸਤੰਬਰ ਸਵੇਰੇ 11 ਵਜੇ ਵੇਰਕਾ ਮਿਲਕ ਪਲਾਂਟ ਇਕੱਠੇ ਹੋਕੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕਰਨਗੇ।
ਬੇਰੁਜ਼ਗਾਰ ਸਾਂਝੇ ਮੋਰਚੇ ਦੀਆਂ ਮੰਗਾਂ:-
1. ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ।
2. ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਪ੍ਰਤੀਸ਼ਤ ਸ਼ਰਤ ਰੱਦ ਕੀਤੀ ਜਾਵੇ।
3. ਸਿਹਤ ਅਤੇ ਸਿੱਖਿਆ ਵਿਭਾਗ ਸਮੇਤ ਸਾਰੇ ਵਿਭਾਗਾਂ ਵਿੱਚ ਆਉਂਦੀਆਂ ਭਰਤੀਆਂ ਵਿੱਚ ਉਮਰ ਹੱਦ ਦੀ ਛੋਟ ਦੇ ਕੇ ਸਾਰੇ ਓਵਰ ਏਜ਼ ਬੇਰੁਜ਼ਗਾਰਾਂ ਨੂੰ ਇੱਕ ਮੌਕਾ ਦਿੱਤਾ ਜਾਵੇ।ਭਰਤੀਆਂ ਵਿੱਚ ਉਮਰ ਹੱਦ ਦੀ ਉਪਰਲੀ ਉਮਰ ਸੀਮਾ 37 ਤੋ 42 ਸਾਲ ਅਤੇ 42 ਤੋ 47 ਸਾਲ ਕੀਤੀ ਜਾਵੇ।
4. ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ।
5.ਲੈਕਚਰਾਰ ਦੀਆਂ ਰੱਦ ਕੀਤੀਆਂ ਅਸਾਮੀਆਂ ਵਿੱਚ ਬਾਕੀ ਹੋਰ ਸਾਰੇ ਵਿਸ਼ਿਆਂ ਦੀਆਂ ਪੋਸਟਾਂ ਐਡ ਕਰਕੇ, ਸਾਰੇ ਵਿਸ਼ਿਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਉਮਰ ਹੱਦ ਛੋਟ ਦਿੱਤੀ ਜਾਵੇ। ਕੰਬੀਨੇਸ਼ਨ ਦਰੁਸਤ ਕੀਤੇ ਜਾਣ।
6.ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਛੋਟ ਦੇ ਕੇ ਜਾਰੀ ਕੀਤਾ ਜਾਵੇ।
7. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਮ੍ਰਿਤਕ ਆਸ਼ਰਿਤਾਂ ਨੂੰ ਬਿਨਾ ਸ਼ਰਤ ਰੁਜ਼ਗਾਰ ਦਿੱਤਾ ਜਾਵੇ।