ਮੋਹਾਲੀ, 29 ਸਤੰਬਰ, ਦੇਸ਼ ਕਲਿਕ ਬਿਊਰੋ :
ਮੋਹਾਲੀ ਦੇ ਖਰੜ ‘ਚ ਨਿਹੰਗਾਂ ਦੇ ਬਾਣੇ ‘ਚ ਕੁਝ ਨੌਜਵਾਨਾਂ ਨੇ ਗੁੰਡਾਗਰਦੀ ਕਰਕੇ ਹੰਗਾਮਾ ਕੀਤਾ। ਉਨ੍ਹਾਂ ਪਹਿਲਾਂ ਦੁਕਾਨਦਾਰਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਦਾ ਸਾਮਾਨ ਨਾਲੇ ਵਿੱਚ ਸੁੱਟ ਦਿੱਤਾ। ਇਸ ਦੇ ਨਾਲ ਹੀ ਇਕ ਦੁਕਾਨਦਾਰ ਦਾ ਕਹਿਣਾ ਹੈ ਕਿ ਮੁਲਜ਼ਮ ਉਸ ਦੇ ਪੈਸੇ ਵੀ ਲੈ ਗਏ ਹਨ। ਮੁਲਾਜ਼ਮਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇਸ ਤੋਂ ਬਾਅਦ ਖਰੜ ਪੁਲਸ ਨੇ 3 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ, ਅਮਨਜੋਤ ਸਿੰਘ ਵਾਸੀ ਖੂਨੀਮਾਜਰਾ ਅਤੇ ਜਸਪ੍ਰੀਤ ਸਿੰਘ ਵਾਸੀ ਪਮੌਰ ਵਜੋਂ ਹੋਈ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਦੁਕਾਨਦਾਰ ਅਨਿਲ ਨੇ ਦੱਸਿਆ ਕਿ ਉਹ ਖਰੜ ਦੇ ਬੱਸ ਸਟੈਂਡ ਵਿੱਚ ਛੋਟਾ-ਮੋਟਾ ਕਾਰੋਬਾਰ ਕਰਦਾ ਹੈ।ਬੀਤੇ ਦਿਨ ਦੁਪਹਿਰ ਬਾਅਦ ਤਿੰਨ ਨੌਜਵਾਨ ਨਿਹੰਗਾਂ ਦੇ ਬਾਣੇ ‘ਚ ਆਏ ਅਤੇ ਮੇਰੇ ਪਿਤਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਦੁਕਾਨ ‘ਤੇ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ। ਨਿਹੰਗਾਂ ਨੇ ਉਨ੍ਹਾਂ ਦਾ ਸਮਾਨ ਨਾਲ ਲੰਘਦੇ ਨਾਲੇ ਵਿੱਚ ਸੁੱਟ ਦਿੱਤਾ। ਉਹ ਕੁਝ ਨਕਦੀ ਵੀ ਲੁੱਟ ਕੇ ਫਰਾਰ ਹੋ ਗਏ। ਮੁਲਜ਼ਮਾਂ ਨੇ ਇਕ ਹੋਰ ਦੁਕਾਨਦਾਰ ਦੀ ਵੀ ਕੁੱਟਮਾਰ ਕੀਤੀ। ਨਿਹੰਗਾਂ ਨੂੰ ਦੇਖ ਕੇ ਇੱਕ ਵਿਅਕਤੀ ਆਪਣਾ ਸਮਾਨ ਲੈ ਕੇ ਹੋਟਲ ਵਿੱਚ ਵੜ ਗਿਆ।ਪਰ ਮੁਲਜ਼ਮਾਂ ਨੇ ਉਸ ਨੂੰ ਉਥੋਂ ਕੱਢ ਕੇ ਉਸ ਦੀ ਕੁੱਟਮਾਰ ਕੀਤੀ।ਇਹ ਘਟਨਾ ਖਰੜ ਬੱਸ ਸਟੈਂਡ ਦੀ ਹੈ।
Published on: ਸਤੰਬਰ 29, 2024 12:14 ਬਾਃ ਦੁਃ