ਜ਼ਮੀਨ ਬਚਾਉ ਮੋਰਚੇ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ ਬਰਸੀ ਮੌਕੇ ਕੁੱਲਰੀਆਂ ‘ਚ ਹੋਵੇਗਾ ਭਾਰੀ ਇਕੱਠ: ਮਨਜੀਤ ਧਨੇਰ

ਪੰਜਾਬ

ਦਲਜੀਤ ਕੌਰ 

ਬਰਨਾਲਾ, 30 ਸਤੰਬਰ, 2024: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ, ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਬਰਨਾਲਾ ਦੇ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਰਿਲੀਜ਼ ਕਰਦਿਆਂ ਸੂਬਾ ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਦੀ ਸ਼ਹਿ ਤੇ ਭੂ ਮਾਫੀਆ ਵੱਲੋਂ ਕੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਖੋਹਣ ਦੇ ਖਿਲਾਫ ਪੱਕਾ ਮੋਰਚਾ ਹੋਰ ਵੀ ਜ਼ੋਰ ਸ਼ੋਰ ਨਾਲ ਜਾਰੀ ਰਹੇਗਾ। ਇਸੇ ਦੌਰਾਨ ਜ਼ਮੀਨ ਬਚਾਓ ਮੋਰਚੇ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ ਬਰਸੀ ਵੀ ਕੁੱਲਰੀਆਂ ਦੇ ‘ਜ਼ਮੀਨ ਬਚਾਓ ਮੋਰਚੇ’ ਵਿੱਚ ਭਾਰੀ ਇਕੱਠ ਕਰਕੇ ਮਨਾਈ ਜਾਵੇਗੀ। ਇਸ ਦਿਨ ਪੰਜਾਬ ਦੇ ਕੋਨੇ ਕੋਨੇ ਤੋਂ ਕਿਸਾਨ ਅਤੇ ਬੀਬੀਆਂ ਪਿੰਡ ਕੁੱਲਰੀਆਂ ਵਿਖੇ ਪਹੁੰਚ ਕੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਨੂੰ ਸ਼ਰਧਾਂਜਲੀ ਭੇਂਟ ਕਰਨਗੇ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ ਸ਼ਹੀਦੀ ਤੋਂ ਪ੍ਰੇਰਨਾ ਲੈ ਕੇ ਕੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਲਈ ਜਥੇਬੰਦੀ ਕੋਈ ਵੀ ਕੁਰਬਾਨੀ ਕਰਨ ਤੋਂ ਨਹੀਂ ਝਿਜਕੇਗੀ।

ਦੱਸਣਯੋਗ ਹੈ ਕਿ ‘ਜ਼ਮੀਨ ਬਚਾਉ ਮੋਰਚੇ’ ਤਹਿਤ ਕਿਸਾਨਾਂ ਦੇ ਜਥੇ 20 ਸਤੰਬਰ ਤੋਂ ਲਗਾਤਾਰ ਕੁੱਲਰੀਆਂ ਵੱਲ ਕੂਚ ਕਰ ਰਹੇ ਹਨ। ਹੁਣ ਤੱਕ ਮਾਨਸਾ ਤੋਂ ਇਲਾਵਾ ਸੰਗਰੂਰ, ਮਲੇਰਕੋਟਲਾ, ਬਠਿੰਡਾ, ਕਪੂਰਥਲਾ ਅਤੇ ਲੁਧਿਆਣਾ ਦੇ ਜ਼ਿਲਿਆਂ ਦੇ ਕਿਸਾਨ ਅਤੇ ਬੀਬੀਆਂ ਇਸ ਮੋਰਚੇ ਵਿੱਚ ਸ਼ਮੂਲੀਅਤ ਕਰ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿੱਚ ਬਾਕੀ ਜ਼ਿਲੇ ਆਪੋ ਆਪਣੀ ਵਾਰੀ ਅਨੁਸਾਰ ਜ਼ਮੀਨ ਬਚਾਉ ਮੋਰਚੇ ਵਿੱਚ ਜਾਣਗੇ।

11 ਅਕਤੂਬਰ ਨੂੰ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ ਬਰਸੀ ਮੌਕੇ ਇਸ ਜ਼ਮੀਨ ਬਚਾਓ ਮੋਰਚੇ ਵਿੱਚ ਕੁੱਲਰੀਆਂ ਵਿਖੇ ਭਾਰੀ ਇਕੱਠ ਹੋਵੇਗਾ। ਮੀਟਿੰਗ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਰਕਾਰ ਆਪਣੇ ਮੰਤਰੀਆਂ ਅਤੇ ਵਿਧਾਨਕਾਰਾਂ ਵੱਲੋਂ ਜਥੇਬੰਦੀ ਨਾਲ ਕੀਤੇ ਵਾਅਦੇ ਪੂਰੇ ਕਰਦੀ ਹੋਈ ਕਿਸਾਨਾਂ ਦੇ ਮਾਲਕੀ ਹੱਕ ਬਹਾਲ ਕਰੇ ਅਤੇ ਕਿਸਾਨਾਂ ਤੇ ਹਮਲੇ ਕਰਨ ਵਾਲੇ ਇਰਾਦਾ ਕਤਲ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਨਹੀਂ ਤਾਂ ਹਰ ਤਰ੍ਹਾਂ ਨਾਲ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਤਿੰਨ ਅਕਤੂਬਰ ਨੂੰ ਲਖੀਮਪੁਰ ਕਾਂਡ ਵਿੱਚ ਸ਼ਹੀਦ ਹੋਣ ਵਾਲੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਯਾਦ ਵਿੱਚ ਸ਼ਹਾਦਤ ਦਿਵਸ ਸਾਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਸ ਦਿਨ ਜਗਰਾਉਂ ਦੇ ਪਿੰਡ ਅਖਾੜਾ ਵਿਖੇ ਇਕੱਠ ਕਰਕੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰੇਗੀ। ਇਸੇ ਦਿਨ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਜਥੇਬੰਦੀ ਦੀਆਂ ਪਿੰਡ ਇਕਾਈਆਂ ਵੱਲੋਂ ਪਿੰਡ ਪਿੰਡ ਮੋਮਬੱਤੀ ਮਾਰਚ ਕੀਤਾ ਜਾਵੇਗਾ।

ਸੂਬਾ ਕਮੇਟੀ ਨੇ ਨੋਟ ਕੀਤਾ ਕਿ ਕਣਕ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ਪਰ ਕਣਕ ਅਤੇ ਆਲੂਆਂ ਲਈ ਡੀਏਪੀ ਖਾਦ ਦਾ  ਹਾਲੇ ਤੱਕ ਇੰਤਜ਼ਾਮ ਨਹੀਂ ਕੀਤਾ ਗਿਆ ਸਗੋਂ ਖਾਦ ਦੇ ਨਾਲ ਨੈਨੋ ਡੀਏਪੀ ਵਗੈਰਾ ਜਬਰੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਪਿਛਲੇ ਸਾਲਾਂ ਤੋਂ ਕਣਕ ਸਮੇਤ ਹਾੜੀ ਦੀਆਂ ਹੋਰ ਫਸਲਾਂ ਲਈ ਮਿਆਰੀ ਬੀਜ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਜਥੇਬੰਦੀ ਨੇ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ ਸਬਸਿਡੀ ਤੇ ਮੁਹਈਆ ਕਰਵਾਏ ਜਾਣ। ਇਸੇ ਤਰ੍ਹਾਂ ਗੁਦਾਮਾਂ ਵਿੱਚੋਂ ਪੁਰਾਣੇ ਅਨਾਜ ਦੀ ਲਿਫਟਿੰਗ ਨਹੀਂ ਹੋਈ। ਇਸ ਨਾਲ ਝੋਨੇ ਦੀ ਆਉਣ ਵਾਲੀ ਫਸਲ ਲਈ ਖਰੀਦ ਦੀ ਸਮੱਸਿਆ ਖੜ੍ਹੀ ਹੋਵੇਗੀ। ਆਗੂਆਂ ਨੇ ਕਿਹਾ ਕਿ ਜੇਕਰ ਕਿਸਾਨਾਂ ਦਾ ਝੋਨਾ ਵੇਚਣ ਵਿੱਚ ਜਾਂ ਕਣਕਾਂ ਦੀ ਬਜਾਈ ਵੇਲੇ ਖਾਦ ਦੀ ਘਾਟ ਕਾਰਨ ਕੋਈ ਸਮੱਸਿਆ ਆਈ ਤਾਂ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਦੇ ਸਹਿਯੋਗ ਨਾਲ ਇਸ ਖਿਲਾਫ ਡਟ ਕੇ ਸੰਘਰਸ਼ ਲੜੇਗੀ।

Leave a Reply

Your email address will not be published. Required fields are marked *