ਮੋਹਾਲੀ ਪ੍ਰਸ਼ਾਸਨ ਨੇ ਵੱਧ ਤੋਂ ਵੱਧ ਜਾਣਕਾਰੀ ਅਤੇ ਲਾਭ ਪ੍ਰਾਪਤ ਕਰਨ ਲਈ ਪਿੰਡ-ਪੱਧਰੀ ਮੁਹਿੰਮ ਚਲਾਈ
ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਲਾਉਣ ਵਾਲੇ ਦੋ ਮਾਮਲਿਆਂ ਵਿੱਚ ਵਾਤਾਵਰਨ ਮੁਆਵਜ਼ਾ ਲਾਉਣ ਤੋਂ ਇਲਾਵਾ ਮਾਲ ਰਿਕਾਰਡ ਚ ਰੈੱਡ ਐਂਟਰੀਆਂ
ਐਸ.ਏ.ਐਸ.ਨਗਰ, 30 ਸਤੰਬਰ: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਆਫ਼ ਇੰਡੀਆ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਐਸ.ਏ.ਐਸ.ਨਗਰ ਜ਼ਿਲ੍ਹੇ ਵਿਖੇ ਖੇਤਾਂ ਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੂਕਤਾ ਦੇ ਨਾਲ-ਨਾਲ ਐਨਫੋਰਸਮੈਂਟ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਖੇਤੀਬਾੜੀ ਅਤੇ ਤਾਲਮੇਲ ਲਈ ਲਾਏ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਪਿੰਡਾਂ ਵਿੱਚ ਕਿਸਾਨਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਜ਼ਿਲ੍ਹੇ ਵਿੱਚ ਉਪਲਬੱਧ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਮਸ਼ੀਨਰੀ ਬਾਰੇ ਜਾਣੂ ਕਰਵਾਉਣ। ਉਹਨਾਂ ਨੂੰ ਪੰਜਾਬ ਸਰਕਾਰ ਦੁਆਰਾ ਵਿਕਸਤ ਕੀਤੀ ਔਨਲਾਈਨ ਐਪ ਉਨਤ ਕਿਸਾਨ ਬਾਰੇ ਵੀ ਦੱਸਿਆ ਜਾ ਰਿਹਾ ਹੈ ਜੋ ਉਹਨਾਂ ਦੇ ਨੇੜੇ-ਤੇੜੇ ਮਸ਼ੀਨਰੀ ਦਾ ਪਤਾ ਲਗਾਉਣ ਲਈ ਐਂਡਰਾਇਡ ਅਤੇ ਐਪਲ ਪਲੇਟਫਾਰਮਾਂ ਤੇ ਉਪਲਬਧ ਹੈ। ਐਪ ਵਿੱਚ ਮਸ਼ੀਨਰੀ ਦੇ ਮਾਲਕਾਂ ਦੀ ਜਾਣਕਾਰੀ (ਸਮੇਂ-ਸਮੇਂ ‘ਤੇ ਅੱਪਡੇਟ ਕੀਤੀ ਜਾਂਦੀ ਹੈ) ਹੈ ਜੋ ਕਿ ਕਿਸਾਨਾਂ ਦੁਆਰਾ ਪਰਾਲੀ ਨੂੰ ਅੱਗ ਲਗਾਏ ਬਿਨਾਂ ਇਸ ਦੇ ਖੇਤ-ਅੰਦਰ ਅਤੇ ਖੇਤ ਬਾਹਰ ਦੇ ਨਿਪਟਾਰੇ ਲਈ ਕਿਰਾਏ ‘ਤੇ ਲਈ ਜਾ ਸਕਦੀ ਹੈ।
ਇਸ ਤੋਂ ਇਲਾਵਾ, ਬਹੁਤ ਸਾਰੇ ਬੇਲਰ ਆਪਰੇਟਰਾਂ ਦੀ ਮੈਪਿੰਗ ਉਦਯੋਗਿਕ ਇਕਾਈਆਂ ਨਾਲ ਕੀਤੀ ਗਈ ਹੈ ਜਿਨ੍ਹਾਂ ਕੋਲ ਪਰਾਲੀ ਦੀਆਂ ਗੰਢਾਂ ਨੂੰ ਬਾਲਣ ਵਜੋਂ ਵਰਤਣ ਦੀ ਸਮਰੱਥਾ ਹੈ। ਜ਼ਿਲ੍ਹੇ ਨੇ ਬੇਲਰ ਓਪਰੇਟਰਾਂ ਦੁਆਰਾ ਤਿਆਰ ਕੀਤੇ ਉਦਯੋਗਿਕ ਇਕਾਈਆਂ ਦੀ ਵਰਤੋਂ ਲਈ ਪਰਾਲੀ ਦੀਆਂ ਗੰਢਾਂ ਦੇ ਡੰਪਿੰਗ/ਸਟੋਰੇਜ ਲਈ ਸਾਈਟਾਂ ਦੀ ਵੀ ਪੇਸ਼ਕਸ਼ ਕੀਤੀ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਏ.ਡੀ.ਸੀਜ਼ ਨੂੰ ਸਬ-ਡਵੀਜ਼ਨਾਂ ਦੇ ਨਿਗਰਾਨ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ, ਜਿੱਥੇ ਐੱਸ.ਡੀ.ਐੱਮਜ਼ ਨੂੰ ਉਨ੍ਹਾਂ ਦੀਆਂ ਸਬ-ਡਵੀਜ਼ਨਾਂ ਦੀ ਸਮੁੱਚੀ ਜ਼ਿੰਮੇਵਾਰੀ ਸੌਂਪੀ ਗਈ ਹੈ। ਏ ਡੀ ਸੀ ਵਿਰਾਜ ਐਸ ਤਿੜਕੇ ਖਰੜ ਸਬ ਡਵੀਜ਼ਨ ਦੀ ਦੇਖ-ਰੇਖ ਕਰਨਗੇ ਜਦਕਿ ਦਮਨਜੀਤ ਸਿੰਘ ਮਾਨ ਡੇਰਾਬੱਸੀ ਅਤੇ ਸੋਨਮ ਚੌਧਰੀ ਮੁਹਾਲੀ।
ਜਾਗਰੂਕਤਾ ਅਤੇ ਐਨਫੋਰਸਮੈਂਟ ਦੀਆਂ ਮੁਹਿੰਮਾਂ ਨਾਲੋ-ਨਾਲ ਚੱਲ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ ਸੈਟੇਲਾਈਟ ਨਿਰੀਖਣ ਵਿੱਚ ਅੱਗ ਲੱਗਣ ਦੀਆਂ ਪੰਜ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਖੇਤਾਂ ਵਿੱਚ ਅੱਗ ਲੱਗਣ ਦੇ ਮਾਮਲੇ ਨਹੀਂ ਪਾਏ ਗਏ ਜਦੋਂ ਕਿ ਸਿੰਘਪੁਰ ਅਤੇ ਰੌਣੀ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿੱਥੇ ਮਾਲ ਰਿਕਾਰਡ ਵਿੱਚ ਲਾਲ ਐਂਟਰੀਆਂ ਕਰਨ ਤੋਂ ਇਲਾਵਾ 7500 ਰੁਪਏ ਦਾ ਵਾਤਾਵਰਨ ਮੁਆਵਜ਼ਾ ਲਗਾਇਆ ਗਿਆ।
ਉਨ੍ਹਾਂ ਕਿਸਾਨਾਂ ਨੂੰ ਇੱਕ ਵਾਰ ਫੇਰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਆਪਣੇ ਨੇੜੇ ਮੌਜੂਦ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਮਸ਼ੀਨਰੀ ਦਾ ਲਾਭ ਲੈਣ।
Published on: ਸਤੰਬਰ 30, 2024 5:26 ਬਾਃ ਦੁਃ