~ਸੰਗਰੂਰ ਪੈਨਸ਼ਨ ਮੋਰਚੇ ਦੇ ਦੂਜੇ ਦਿਨ ਵੀ ਮੁਲਾਜ਼ਮਾਂ ਨੇ ਕੀਤੀ ਭਰਵੀਂ ਸ਼ਮੂਲੀਅਤ
ਦਲਜੀਤ ਕੌਰ
ਸੰਗਰੂਰ, 2 ਅਕਤੂਬਰ, 2024:
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਝੰਡੇ ਹੇਠ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਚੱਲ ਰਹੇ ਪੈਨਸ਼ਨ ਮੋਰਚੇ ਦੇ ਦੂਜੇ ਦਿਨ ਪੰਜਾਬ ਭਰ ਵਿੱਚੋਂ ਪਹੁੰਚੇ ਸਰਕਾਰੀ ਮੁਲਾਜ਼ਮਾਂ ਨੇ ਰੋਸ ਮਾਰਚ ਕਰਕੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਆਪ ਸੁਪਰੀਮੋ ਅਰਵਿੰਦਰ ਕੇਜਰੀਵਾਲ ਦਾ ਵੱਡ ਅਕਾਰੀ ਤਿੰਨ ਮੂੰਹਾਂ ਪੁਤਲਾ ਫੂਕਿਆ ਗਿਆ। ਆਪ ਸਰਕਾਰ ਦੀ ਪੁਰਾਣੀ ਪੈਨਸ਼ਨ ਤੇ ਕੀਤੀ ਵਾਅਦਾਖਿਲਾਫੀ ਖ਼ਿਲਾਫ਼ ਮੁਲਾਜ਼ਮਾਂ ਨੇ ਤਿੱਖੀ ਨਾਅਰੇਬਾਜ਼ੀ ਕੀਤੀ ਅਤੇ 1972 ਦੇ ਪੈਨਸ਼ਨ ਐਕਟ ਵਾਲੀ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਇੰਨ ਬਿੰਨ ਲਾਗੂ ਕਰਨ ਦੀ ਮੰਗ ਵੀ ਕੀਤੀ।ਮੋਰਚੇ ਵਿੱਚ ਮਹਿਲਾ ਮੁਲਾਜ਼ਮਾਂ ਅਤੇ ਵੈਟਰਨਰੀ ਇੰਸਪੈਕਟਰ ਐਸਸੀਏਸ਼ਨ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।
ਮੋਰਚੇ ਵਿੱਚ ਪਹੁੰਚੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਆਗੂਆਂ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ, ਮਲਾਜ਼ਮ ਆਗੂ ਵਿਕਰਮ ਦੇਵ ਸਿੰਘ, ਮਹਿਮਾ ਸਿੰਘ, ਗੁਰਦੀਪ ਛੰਨਾ ਨੇ ਦੱਸਿਆ ਕਿ ਆਪ ਸਰਕਾਰ ਦੇ ਢਾਈ ਸਾਲ ਬੀਤਣ ਦੇ ਬਾਵਜੂਦ ਕਿਸੇ ਵੀ ਮੁਲਾਜ਼ਮ ਦਾ ਜੀਪੀਐੱਫ ਖਾਤਾ ਨਹੀਂ ਖੁੱਲਿਆ ਬਲਕਿ ਨਵੀਆਂ ਭਰਤੀਆਂ ਉੱਤੇ ਵੀ ਐੱਨਪੀਐੱਸ ਸਕੀਮ ਲਾਗੂ ਕੀਤੀ ਜਾ ਰਹੀ ਹੈ। ਆਪ ਸਰਕਾਰ ਵੱਲੋਂ 18 ਨਵੰਬਰ 2022 ਨੂੰ ਜਾਰੀ ਕੀਤਾ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਵੀ ਇੱਕ ਕਾਗਜੀ ਜੁਮਲਾ ਸਾਬਿਤ ਹੋਇਆ ਹੈ। ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਜਵੀਜਤ ਯੂਪੀਐੱਸ ਪੈਨਸ਼ਨ ਸਕੀਮ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਸੰਘਰਸ਼ ਦੀ ਅੰਸ਼ਕ ਪ੍ਰਾਪਤੀ ਜ਼ਰੂਰ ਹੈ ਪਰ ਨਵੀਂ ਪੈਨਸ਼ਨ ਸਕੀਮ ਦੀ ਅਧੂਰੀ ਨਕਲ ਹੈ। ਜਿਸਨੂੰ ਪੰਜਾਬ ਦੇ ਮੁਲਾਜ਼ਮ ਪੁਰਾਣੀ ਪੈਨਸ਼ਨ ਦੇ ਬਦਲ ਵਜੋਂ ਕਦੇ ਵੀ ਸਵੀਕਾਰ ਨਹੀਂ ਕਰਨਗੇ।
ਅੱਜ ਮੋਰਚੇ ਵਿੱਚ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਫਰੰਟ ਦੇ ਆਗੂਆਂ ਰਮਨਦੀਪ ਸਿੰਗਲਾ ਅਤੇ ਸਤਪਾਲ ਸਮਾਣਵੀ ਨੇ ਕਿਹਾ ਕਿ ਪੈਨਸ਼ਨ ਦੇ ਮੁੱਦੇ ਤੇ ਸੰਗਰੂਰ ਵਿੱਚ ਲੱਗੇ ਮੋਰਚੇ ਨੂੰ ਸੂਬਾ ਭਰ ਵਿੱਚੋਂ ਮੁਲਾਜ਼ਮਾਂ ਦਾ ਵੱਡਾ ਹੁੰਗਾਰਾ ਮਿਲਿਆ ਹੈ।ਦਿਨ ਭਰ ਚੱਲੀ ਸਟੇਜ ਦੌਰਾਨ ਐੱਨਪੀਐੱਸ, ਯੂਪੀਐੱਸ, ਓਪੀਐੱਸ ਸਬੰਧੀ ਖੁੱਲੀ ਚਰਚਾ ਕੀਤੀ ਗਈ ਅਤੇ ਦੇਸ਼ ਵਿੱਚ ਭਾਰੂ ਮੁਲਾਜ਼ਮ ਮਾਰੂ ਤੇ ਕਾਰਪੋਰੇਟ ਪੱਖੀ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ ਗਈ। ਜ਼ਿਕਰਯੋਗ ਹੈ ਕਿ ਫਰੰਟ ਵੱਲੋਂ ਕੱਲ ਮੋਰਚੇ ਦੇ ਆਖ਼ਰੀ ਦਿਨ ਸੂਬਾਈ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਜਸਵੀਰ ਭੰਮਾ, ਜਸਵਿੰਦਰ ਸਿੰਘ, ਮਨਦੀਪ ਸਿੰਘ, ਜਸਵਿੰਦਰ ਔਜਲਾ, ਸ਼ਕੁੰਤਲਾ ਸਰੋਏ, ਰਾਜੀਵ ਮਲਹੋਤਰਾ, ਮੈਡਮ ਮਨਦੀਪ ਕੌਰ, ਸੁਖਦੀਪ ਕੌਰ, ਹਰਵੀਰ ਕੌਰ, ਸੁਖਵਿੰਦਰ ਲੀਲ, ਸਿਕੰਦਰ ਧਾਲੀਵਾਲ, ਹਰਜੀਤ ਸਿੰਘ ਬਾਲੀਆ, ਪਵਨ ਮੁਕਤਸਰ, ਬਲਜਿੰਦਰ ਪ੍ਰਭੂ, ਰਮਨਜੀਤ ਸੰਧੂ, ਕੁਲਵਿੰਦਰ ਜੋਸ਼ਨ, ਜਸਵੀਰ ਸੰਧੂ, ਰੁਪਿੰਦਰ ਗਿੱਲ, ਰਘਵੀਰ ਸਿੰਘ ਭਵਾਨੀਗੜ, ਕਮਲ ਸਿੰਘ, ਦੀਨਾਨਾਥ, ਕੁਲਵੰਤ ਖਨੌਰੀ, ਅਮਨ ਵਿਸ਼ਿਸ਼ਟ ਕਰਮਜੀਤ ਨਦਾਮਪੁਰ, ਬੀਰਪਾਲ ਸਿੰਘ, ਬਲਵਿੰਦਰ ਜੀਤ ਸਿੰਘ ਆਦਿ ਸ਼ਾਮਿਲ ਹੋਏ।