ਆਈ.ਈ.ਏ.ਟੀ. ਅਧਿਆਪਕ ਜਥੇਬੰਦੀ ਵੱਲੋਂ ਵਿਦਿਅਕ ਯੋਗਤਾਵਾਂ ਵਿਚਾਰਨ ਦੀ ਮੰਗ

Punjab

ਮੋਹਾਲੀ, 2 ਅਕਤੂਬਰ 2024, ਦੇਸ਼ ਕਲਿੱਕ ਬਿਓਰੋ :

ਸਮੂਹ ਆਈ.ਈ.ਏ.ਟੀ. ਅਧਿਆਪਕ ਜਥੇਬੰਦੀ ਦੀ ਕਨਵੀਨਰ ਪਰਮਜੀਤ ਕੌਰ ਨੇ ਦੱਸਿਆ ਕਿ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਕਿਸੇ ਵੀ ਐਮਏ ਬੀਐਡ ਨੂੰ ਚਪੜਾਸੀ ਨਹੀਂ ਲੱਗਣ ਦੇਵਾਂਗੇ, ਉਸਨੂੰ ਉਸਦੀ ਯੋਗਤਾ ਅਨੁਸਾਰ ਹੀ ਅਹੁਦਾ ਦੇਵਾਂਗੇ, ਪਰ ਸਾਡੇ ਨਾਲ ਇਹ ਧੋਖਾ ਕੀਤਾ ਗਿਆ, ਸਾਨੂੰ ਪੜ੍ਹਿਆ ਲਿਖਿਆ ਨੂੰ, 25 ਵਾਰ ਸਾਡੇ ਤੋਂ ਉੱਚ ਵਿਦਿਅਕ ਯੋਗਤਾਵਾਂ ਦੀਆਂ ਡਿਗਰੀਆਂ ਲੈ ਲੈ ਕੇ ਵੀ ਸਾਨੂੰ ਚਪੜਾਸੀ ਹੀ ਬਣਾ ਕੇ ਰੱਖ ਦਿੱਤਾ। ਪਰਮਜੀਤ ਕੌਰ ਨੇ ਸਰਕਾਰ ਨੂੰ ਸਵਾਲ ਕੀਤਾ ਕਿ, ਉਹ ਕਿਹੜੇ ਦੇਸ਼ ਦੇ ਸੰਵਿਧਾਨ ਨੂੰ ਫੋਲੋ ਕਰ ਰਹੀ ਹੈ?

ਸਮੂਹ ਆਈ.ਈ.ਏ.ਟੀ. ਅਧਿਆਪਕ ਜਥੇਬੰਦੀ ਦੇ ਆਗੂਆਂ ਨੇ ਇੱਕ ਮੰਗ ਪੱਤਰ ਜਾਰੀ ਕਰਦਿਆਂ ਕਿਹਾ ਕਿ, ਅਸੀਂ ਸਮੂਹ ਆਈ.ਈ.ਏ.ਟੀ. ਅਧਿਆਪਕ 15 ਸਾਲਾ ਤੋਂ ਨਿਰੰਤਰ ਸਰਕਾਰੀ ਸਕੂਲਾਂ ਵਿੱਚ ਮਾਨਸਿਕ ਅਤੇ ਸਰੀਰਕ ਅਯੋਗਤਾ ਵਾਲੇ ਬੱਚਿਆਂ ਜਮਾਤ ਪਹਿਲੀ ਤੋਂ ਬਾਰਵੀਂ ਤੱਕ, ਸਮਾਵੇਸੀ ਸਿੱਖਿਆ ਅਧੀਨ ਪੜ੍ਹਾ ਰਹੇ ਹਾਂ। ਸਾਡੀ ਡਿਊਟੀ ਆਮ ਅਧਿਆਪਕਾਂ ਨਾਲੋਂ ਲੰਬੀ ਅਤੇ ਸ਼ਖਤ ਹੈ। ਪਰ ਫਿਰ ਵੀ ਅਸੀਂ ਇਨ੍ਹਾਂ ਚੁਣੋਤੀਗ੍ਰਸਤ ਰੱਬ ਰੂਪੀ ਬੱਚਿਆਂ ਨੂੰ ਪੜ੍ਹਾਕੇ ਇਨ੍ਹਾਂ ਦਾ ਭਵਿਖ ਰੋਸ਼ਨ ਕਰਨ ਵਿਚ ਆਪਣਾ ਪੂਰਨ ਯੋਗਦਾਨ ਪਾ ਰਹੇ ਹਾਂ।

ਪ੍ਰੰਤੂ 28 ਜੁਲਾਈ 2023 ਨੂੰ ਜਦੋਂ ਸਾਰੀਆਂ ਕੈਟਾਗਰੀਆਂ (AIE, EGS, STR, EPU) ਨੂੰ ਉਨ੍ਹਾਂ ਦੀਆਂ ਮੌਜੂਦਾ ਅਤੇ ਪੁਰਾਣੀ ਵਿਦਿਅਕ ਯੋਗਤਾਵਾਂ ਦੇ ਅਨੁਸਾਰ ਬਣਦਾ ਹੱਕ ਦਿੱਤਾ ਗਿਆ ਅਤੇ ਗਰੁੱਪ -ਸੀ ਵਿੱਚ ਰੱਖਿਆ ਗਿਆ। ਸਾਨੂੰ ਆਈ.ਈ.ਏ.ਟੀ. ਅਧਿਆਪਕਾਂ ਨੂੰ ਬਿਨ੍ਹਾਂ ਕਿਸੇ ਜਾਂਚ ਪੜਤਾਲ ਤੋਂ ਗਰੁੱਪ-ਡੀ ਵਿੱਚ ਪਾ ਦਿੱਤਾ ਗਿਆ ਅਤੇ ਸਾਡੀਆਂ ਉਚੱ ਵਿਦਿਅਕ ਯੋਗਤਾਵਾਂ ਅੱਖੋਂ ਉਹਲੇ ਕਰ ਦਿੱਤੀਆਂ ਗਈਆਂ। ਸਾਨੂੰ ਸਿਰਫ +2 ਬੇਸ ਕਹਿਕੇ ਸਾਡਾ ਅਪਮਾਨ ਕੀਤਾ ਜਾ ਰਿਹਾ ਹੈ ਅਤੇ +2 ਬੇਸ ਤਨਖਾਹ ਦੇਕੇ ਗਰੁੱਪ-D ਵਿੱਚ ਪਾਕੇ ਮਾਨਸਿਕ ਤੌਰ ਤੇ ਰੋਗੀ ਬਣਾਇਆ ਜਾ ਰਿਹਾ ਹੈ।

ਜਦੋਂਕਿ ਅਸੀਂ ਨਾ ਤਾਂ ਭਰਤੀ ਵੇਲੇ 12ਵੀਂ ਪਾਸ ਸੀ ਅਤੇ ਨਾ ਹੀ ਅੱਜ, ਅਸੀਂ ਐਨਟੀਟੀ, ਈਟੀਟੀ, ਬੀਐੱਡ ਸਪੈਸ਼ਲ, ਬੀਐੱਡ, ਡਬਲ ਟੈਟ ਕਲੀਅਰ ਅਧਿਆਪਕ ਹਾਂ, ਸਾਡੀ ਭਰਤੀ ਵੇਲੇ ਦੀ ਵਿੱਦਿਅਕ ਯੋਗਤਾ ਘੱਟੋ ਘੱਟ ਬਾਰਵੀਂ ਸੀ, ਨਾ ਕਿ ਬਾਰਵੀਂ ਬੇਸ ਭਰਤੀ ਸੀ। ਇਸ ਵਿੱਚ ਸਾਲ 2008-2009 ਦੌਰਾਨ ਵੱਧ ਵਿਦਿਅਕ ਯੋਗਤਾ ਵਾਲੇ ਵੀ ਨਿਰੋਲ ਮੈਰਿਟ ਦੇ ਆਧਾਰ ਤੇ ਚੁਣੇ ਗਏ ਸਨ। ਸੋ ਸਾਡੀ ਮੁੱਖ ਮੰਗ ਇਹ ਹੈ ਕਿ ਸਾਡੀਆਂ ਵੀ ਪੁਰਾਣੀਆਂ ਅਤੇ ਮੌਜੂਦਾ ਦੋਵੇਂ ਤਰ੍ਹਾਂ ਦੀਆਂ ਵਿਦਿਅਕ ਯੋਗਤਾਵਾਂ ਵਿਚਾਰ ਅਧੀਨ ਲਿਆ ਕੇ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ।

Leave a Reply

Your email address will not be published. Required fields are marked *