ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ,ਵੀਰਵਾਰ, ੧੮ ਅੱਸੂ (ਸੰਮਤ ੫੫੬ ਨਾਨਕਸ਼ਾਹੀ),03-10-2024
ਸਲੋਕੁ ਮਃ ੩ ॥
ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ ਮਃ ੩ ॥ ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ ਪਉੜੀ ॥ ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥
ਵੀਰਵਾਰ, ੧੮ ਅੱਸੂ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੬੫੦)
ਪੰਜਾਬੀ ਵਿਆਖਿਆ:
ਸਲੋਕੁ ਮਃ ੩ ॥
ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤਿ੍ਰਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ; ਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ ।ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ), ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ, ਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤਿ੍ਰਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ, ਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ । ਹੇ ਨਾਨਕ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ‘ਨਾਮ’ ਆਸਰਾ (ਰੂਪ) ਹੈ, ਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ ।੧।ਤੁਸੀਂ ਕੋਈ ਭੀ ਮਨੁੱਖ ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਘਾਲਿ ਥਾਇ ਨਹੀਂ ਪਈ); ਭੇਖ ਕਰਨ ਵਾਲੇ (ਸਾਧੂ ਭੀ) ਤੀਰਥਾਂ ਦੀ ਯਾਤ੍ਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ ।ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਸੱਚੇ ਹਰੀ ਵਿਚ ਬ੍ਰਿਤੀ ਜੋੜੀ ਰੱਖਦਾ ਹੈ (ਇਸ ਕਰਕੇ) ਉਸ ਦਾ ਮਨ ਜੀਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ) । ਹੇ ਨਾਨਕ! ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ ।੨।ਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ । ਹੇ ਹਰੀ ਜਨੋਂ! ਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ, ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ, ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ । ਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ । ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇ) ਜਾਂਦਾ ਹੈ ।੨੧।
English Translation:
SHALOK, THIRD MEHL:
Reading and studying are just worldly pursuits, if there is thirst and corruption within. Reading in egotism, all have grown weary; through the love of duality, they are ruined. He alone is educated, and he alone is a wise Pandit, who contemplates the Word of the Guru’s Shabad. He searches within himself, and finds the true essence; he finds the Door of Salvation. He finds the Lord, the treasure of excellence, and peacefully contemplates Him. Blessed is the trader, O Nanak, who, as Gurmukh, takes the Name as his only Support. 1 THIRD MEHL: Without conquering his mind, no one can be successful. See this, and concentrate on it. The wandering holy men are tired of of making pilgrimages to sacred shrines; they have not been able to conquer their minds. The Gurmukh has conquered his mind, and he remains lovingly absorbed in the True Lord. O Nanak, this is how the filth of the mind is removed; the Word of the Shabad burns away the ego. 2 PAUREE: O Saints of the Lord, O my Siblings of Destiny, please meet with me, and implant the Name of the One Lord within me. O humble servants of the Lord, adorn me with the decorations of the Lord, Har, Har; let me wear the robes of the Lord’s forgiveness. Such decorations are pleasing to my God; such love is dear to the Lord. I chant the Name of the Lord, Har, Har, day and night; in an instant, all sins are eradicated. That Gurmukh, unto whom the Lord becomes merciful, chants the Lord’s Name, and wins the game of life. 21
Thursday, 18th Assu (Samvat 556 Nanakshahi),(Page: 650)
ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਜੀ ਦੀ ਫਤਿਹ।।