ਕਿਹਾ, ਹਰ ਵਾਰ ਚੋਣਾਂ ਮੌਕੇ ਕਿਉਂ ਦਿੱਤੀ ਜਾਂਦੀ ਹੈ ਬੱਜਰ ਜੁਰਮ ਕਰਨ ਵਾਲੇ ਨੂੰ ਪਰੋਲ ਜਾਂ ਫਰਲੋ?
ਮੋਹਾਲੀ: 03 ਅਕਤੂਬਰ, ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਸੌਦਾ ਸਾਧ ਨੂੰ ਪਿਛਲੇ ਮਹੀਨੇ ਦਿੱਤੀ ਪਰੋਲ ਤੋਂ ਬਾਅਦ ਹੁਣ ਇਸ ਮਹੀਨੇ ਮੁੜ ਪਰੋਲ ਦਿੱਤੇ ਜਾਣ ਨੂੰ ਭਾਜਪਾ ਦੀ ਗੰਦੀ ਸਿਆਸਤ ਗਰਦਾਨਦਿਆਂ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਇਸ ਪਰੋਲ ਨੂੰ ਰੱਦ ਕੀਤਾ ਜਾਵੇ।
ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਇੱਕ ਪਾਸੇ ਸੋਨਮ ਵਾਂਗਚੁੱਕ ਵਰਗੇ ਇੰਜੀਨੀਅਰ ਅਤੇ ਵਾਰਤਾਵਰਣ ਦੀ ਰਾਖੀ ਲਈ ਹੰਭਲਾ ਮਾਰਨ ਵਾਲੇ, ਲਦਾਖ ਨੂੰ ਬਚਾਉਣ ਲਈ ਲਦਾਖ ਤੋਂ ਦਿੱਲੀ ਤੱਕ ਪੈਦਲ ਮਾਰਚ ਕਰਨ ਵਾਲੇ ਵਿਅਕਤੀ ਨੂੰ ਉਹਨਾਂ ਦੇ 150 ਸਾਥੀਆਂ ਸਮੇਤ ਦਿੱਲੀ ਪੁਲਿਸ ਆਪਣੇ ਸਿਆਸੀ ਆਕਾਵਾਂ ਦੀ ਸ਼ਹਿ ਉੱਤੇ ਗ੍ਰਿਫਤਾਰ ਕਰ ਲੈਂਦੀ ਹੈ ਜੋ ਕਿ ਬਿਲਕੁਲ ਸ਼ਾਂਤਮਈ ਢੰਗ ਨਾਲ ਮਾਰਚ ਕਰ ਰਹੇ ਸਨ ਅਤੇ ਦੂਜੇ ਪਾਸੇ ਸੌਦਾ ਸਾਧ ਵਰਗੇ ਬਲਾਤਕਾਰੀ ਅਤੇ ਕਾਤਲ ਨੂੰ ਵਾਰ ਵਾਰ ਅਤੇ ਲਗਾਤਾਰ ਪਰੋਲ ਦੇ ਦਿੱਤੀ ਜਾਂਦੀ ਹੈ।
ਉਹਨਾਂ ਕਿਹਾ ਕਿ ਖਾਸ ਤੌਰ ਉੱਤੇ ਜਿੰਨੀ ਵਾਰ ਵੀ ਸੌਦਾ ਸਾਧ ਨੂੰ ਪਰੋਲ ਜਾਂ ਫਰਲੋ ਦਿੱਤੀ ਗਈ ਹੈ ਉਸ ਵਿੱਚ ਸਿਰਫ ਦੋ ਵਾਰ ਹੀ ਉਸਦੀ ਮਾਂ ਦੇ ਬਿਮਾਰ ਹੋਣ ਨੂੰ ਕਾਰਨ ਦੱਸਿਆ ਗਿਆ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਬਾਕੀ ਹਰ ਵਾਰ ਕਿਸੇ ਨਾ ਕਿਸੇ ਥਾਂ ਚੋਣਾਂ ਤੋਂ ਪਹਿਲਾਂ ਸੌਦਾ ਸਾਧ ਨੂੰ
ਪਰੋਲ ਜਾਂ ਫਰਲੋ ਤੇ ਰਿਹਾ ਕੀਤਾ ਜਾਂਦਾ ਹੈ ਅਤੇ ਹਾਲੇ ਪਿਛਲੇ ਮਹੀਨੇ ਉਸ ਨੂੰ ਪਰੋਲ ਦਿੱਤੀ ਗਈ ਸੀ ਤੇ ਇਸ ਵਾਰ ਫੇਰ ਹਰਿਆਣਾ ਚੋਣਾਂ ਤੋਂ ਪਹਿਲਾਂ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ।
ਪਰਵਿੰਦਰ ਸਿੰਘ ਸੋਹਾਣਾ ਨੇ ਖਾਸ ਤੌਰ ਤੇ ਚੋਣ ਕਮਿਸ਼ਨ ਉੱਤੇ ਵੀ ਸਵਾਲ ਚੁੱਕਦਿਆਂ ਕਿਹਾ ਹੈ ਕਿ ਜਦੋਂ ਸਾਰੇ ਅਧਿਕਾਰ ਹੀ ਚੋਣ ਕਮਿਸ਼ਨ ਕੋਲ ਸਨ ਤਾਂ ਉਸ ਨੇ ਚੋਣਾਂ ਤੋਂ ਪਹਿਲਾਂ ਅਜਿਹੇ ਬੱਜਰ ਜੁਲਮ ਕਰਨ ਵਾਲੇ ਸੌਦਾ ਸਾਧ ਨੂੰ ਇੱਕ ਮਹੀਨੇ ਪਹਿਲਾਂ ਦਿੱਤੀ ਗਈ ਪਰੋਲ ਤੋਂ ਬਾਅਦ ਮੁੜ ਪਰੋਲ ਤੇ ਕਿਵੇਂ ਜਾਣ ਦਿੱਤਾ ਕਿਉਂਕਿ ਇਸ ਨਾਲ ਸੰਵਿਧਾਨਿਕ ਸੰਸਥਾਵਾਂ ਉੱਤੇ ਵੀ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ। ਇਸ ਲਈ ਚੋਣ ਕਮਿਸ਼ਨ ਨੂੰ ਇਸ ਤੋਂ ਬਚਣਾ ਚਾਹੀਦਾ ਸੀ।
ਉਹਨਾਂ ਅਦਾਲਤਾਂ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਵਿੱਚ ਖੁਦ ਦਖਲ ਦਿੰਦੇ ਹੋਏ ਕਾਰਵਾਈ ਕਰਨ ਅਤੇ ਇਸ ਪਰੋਲ ਨੂੰ ਰੱਦ ਕਰਵਾਉਣ ਤਾਂ ਜੋ ਜਿਨਾਂ ਲੋਕਾਂ ਅਤੇ ਪਰਿਵਾਰਾਂ ਦੇ ਖਿਲਾਫ ਇਹ ਸੌਦਾ ਸਾਧ ਨੇ ਇਹ ਬੱਜਰ ਜੁਰਮ ਕੀਤੇ ਹਨ ਉਹਨਾਂ ਦੀਆਂ ਇਨਸਾਫ ਸਬੰਧੀ ਭਾਵਨਾਵਾਂ ਨੂੰ ਠੇਸ ਨਾ ਪੁੱਜੇ ਕਿਉਂਕਿ ਉਹਨਾਂ ਨੇ ਵਰ੍ਹਿਆਂ ਬੱਧੀ ਲੜਾਈ ਲੜ ਕੇ ਇਸ ਸੌਦਾ ਸਾਧ ਦੇ ਖਿਲਾਫ ਬਿਨਾਂ ਕਿਸੇ ਡਰ ਭੈ ਤੋਂ ਕਾਰਵਾਈ ਕਰਵਾਈ ਹੈ।