ਪਟਿਆਲਾ, 4 ਅਕਤੂਬਰ: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਤੋਂ ਬਾਅਦ ਹੁਣ ਸੂਬਾ ਪੱਧਰੀ ਮੁਕਾਬਲਿਆਂ ਲਈ ਖਿਡਾਰੀਆਂ ਦੇ ਟਰਾਇਲ 7 ਅਕਤੂਬਰ ਤੋਂ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਹੜੀਆਂ ਖੇਡਾਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਨਹੀਂ ਹੋਏ ਹਨ, ਉਨ੍ਹਾਂ ਖੇਡਾਂ ਲਈ ਟੀਮਾਂ ਦੀ ਚੋਣ (ਲੜਕੇ/ਲੜਕੀਆਂ) ਕਰਨ ਲਈ ਟਰਾਇਲ ਰੱਖੇ ਗਏ ਹਨ, ਇਸ ਵਿੱਚ ਜ਼ਿਲ੍ਹਾ ਪਟਿਆਲਾ ਅਤੇ ਪੰਜਾਬ ਦਾ ਕੋਈ ਵੀ ਵਸਨੀਕ ਭਾਗ ਲੈ ਸਕਦਾ ਹੈ, ਅਤੇ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਟਰਾਇਲ ਦੇਣ ਲਈ ਆਉਣ ਸਮੇਂ ਆਪਣੇ ਨਾਲ ਇੱਕ ਅਧਾਰ ਕਾਰਡ ਦੀ ਕਾਪੀ, ਆਪਣੇ ਬੈਂਕ ਅਕਾਊਂਟ ਦੇ ਪਾਸ ਬੁੱਕ ਦੀ ਫ਼ੋਟੋ ਕਾਪੀ ਅਤੇ ਇੱਕ ਪਾਸਪੋਰਟ ਸਾਈਜ਼ ਦੀ ਫ਼ੋਟੋ ਨਾਲ ਲੈ ਕਿ ਆਉਣਗੇ ਅਤੇ ਟਰਾਇਲ ਸਥਾਨਾਂ ਤੇ ਖੇਡ ਦੇ ਕਨਵੀਨਰ ਨੂੰ ਰਿਪੋਰਟ ਕਰਨਗੇ।
ਹਰਪਿੰਦਰ ਸਿੰਘ ਨੇ ਟਰਾਇਲਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਲੋ ਗਰਾਊਂਡ ਵਿਖੇ ਤਾਈਕਵਾਂਡੋ ਦੇ ਟਰਾਇਲ 7 ਤੋਂ 10 ਅਕਤੂਬਰ ਤੱਕ ਹੋਣਗੇ। ਜਦਕਿ ਵੁਸ਼ੂ ਦੇ ਟਰਾਇਲ 7 ਤੇ 8 ਅਕਤੂਬਰ ਨੂੰ, ਰਕਬੀ ਦੇ ਟਰਾਇਲ 10 ਤੇ 11 ਅਕਤੂਬਰ ਤੇ ਫੈਨਸਿੰਗ ਦੇ ਟਰਾਇਲ 11 ਤੇ 12 ਅਕਤੂਬਰ ਨੂੰ ਹੋਣਗੇ। ਪੰਜਾਬੀ ਯੂਨੀਵਰਸਿਟੀ ਵਿਖੇ ਆਰਚਰੀ ਦੇ ਟਰਾਇਲ 10 ਤੇ 11 ਅਕਤੂਬਰ ਨੂੰ ਤੇ ਸਾਈਕਲਿੰਗ ਦੇ 11 ਤੇ 12 ਅਕਤੂਬਰ ਨੂੰ ਹੋਣਗੇ।
ਉਨ੍ਹਾਂ ਦੱਸਿਆ ਸਰਕਾਰੀ ਮਲਟੀਪਰਪਜ਼ ਸਕੂਲ ਪਾਸੀ ਰੋਡ ਵਿਖੇ 10 ਤੇ 11 ਅਕਤੂਬਰ ਨੂੰ ਬੇਸਬਾਲ ਦੇ ਟਰਾਇਲ ਹੋਣਗੇ ਅਤੇ ਰੋਲਰ ਸਕੇਟਿੰਗ ਦੇ ਟਰਾਇਲ 10 ਤੋਂ 12 ਅਕਤੂਬਰ ਤੱਕ ਰਿੰਕ ਹਾਲ ਬਾਰਾਂਦਰੀ ਵਿਖੇ ਕਰਵਾਏ ਜਾਣਗੇ।
Published on: ਅਕਤੂਬਰ 4, 2024 5:27 ਬਾਃ ਦੁਃ