ਚੰਡੀਗੜ੍ਹ: 04 ਅਕਤੂਬਰ, ਦੇਸ਼ ਕਲਿੱਕ ਬਿਓਰੋ
ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ਦੇ ਲੋਕਾਂ ਤੋਂ ਟੈਕਸ ਵਸੂਲਣ ਦਾ ਨਵਾਂ ਰਾਹ ਲੱਭਿਆ ਹੈ। ਸਰਕਾਰ ਨੇ ਸ਼ਹਿਰੀ ਖੇਤਰਾਂ ਵਿੱਚ ਪਖਾਨਿਆਂ ਦੇ ਹਿਸਾਬ ਨਾਲ ਟੈਕਸ ਵਸੂਲਣ ਦਾ ਫੈਸਲਾ ਕੀਤਾ ਹੈ। ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਬਣੀ ਪ੍ਰਤੀ ਟਾਇਲਟ ਸੀਟ ਲਈ 25 ਰੁਪਏ ਟੈਕਸ ਦੇਣਾ ਪਵੇਗਾ। ਇਹ ਵਾਧੂ ਫੀਸ ਸੀਵਰੇਜ ਬਿੱਲ ਦੇ ਨਾਲ ਜਲ ਸ਼ਕਤੀ ਵਿਭਾਗ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ। ਭਾਵ ਜੇਕਰ ਕਿਸੇ ਦੇ ਘਰ ‘ਚ 4 ਟਾਇਲਟ ਸੀਟਾਂ ਹਨ ਤਾਂ ਉਸ ਦੇ ਪਾਣੀ ਦੇ ਬਿੱਲ ‘ਚ 100 ਰੁਪਏ ਦਾ ਵਾਧੂ ਚਾਰਜ ਜੋੜਿਆ ਜਾਵੇਗਾ।
ਹਾਲਾਂਕਿ, ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਟਾਇਲਟ ਸੀਟ ਟੈਕਸ ਸਿਰਫ ਜਿੱਥੇ ਸੀਵਰੇਜ ਦੀ ਸਹੂਲਤ ਮੌਜੂਦ ਹੈ, ਉੱਥੇ ਹੀ ਲਗਾਇਆ ਜਾਵੇਗਾ, ਚਾਹੇ ਉਹ ਸ਼ਹਿਰ ਦਾ ਖੇਤਰ ਹੋਵੇ ਜਾਂ ਪਿੰਡ। ਇਸ ਤੋਂ ਇਲਾਵਾ ਲੋਕਾਂ ਨੂੰ ਹਰ ਮਹੀਨੇ 100 ਰੁਪਏ ਪ੍ਰਤੀ ਕੁਨੈਕਸ਼ਨ ਪਾਣੀ ਦਾ ਕਿਰਾਇਆ ਵੀ ਅਦਾ ਕਰਨਾ ਪਵੇਗਾ।