ਡੇਂਗੂ ਬੁਖ਼ਾਰ ਦੇ ਲੱਛਣ ਦਿਸਣ ’ਤੇ ਤੁਰੰਤ ਜਾਂਚ ਕਰਵਾਈ ਜਾਵੇ

Punjab


ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਹੁੰਦਾ ਹੈ ਡੇਂਗੂ ਦਾ ਟੈਸਟ ਤੇ ਇਲਾਜ
ਮੋਹਾਲੀ, 4 ਅਕਤੂਬਰ : ਦੇਸ਼ ਕਲਿੱਕ ਬਿਓਰੋ

ਜ਼ਿਲ੍ਹਾ ਸਿਹਤ ਵਿਭਾਗ ਨੇ ਜ਼ਿਲ੍ਹਾ ਵਾਸੀਆਂ ਨੂੰ ਮੁੜ ਅਪੀਲ ਕਰਦਿਆਂ ਆਖਿਆ ਹੈ ਕਿ ਡੇਂਗੂ ਬੁਖ਼ਾਰ ਤੋਂ ਬਚਾਅ ਲਈ ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦਿਤਾ ਜਾਵੇ ਅਤੇ ਡੇਂਗੂ ਬੁਖ਼ਾਰ ਤੇ ਲੱਛਣ ਦਿਸਣ ’ਤੇ ਤੁਰੰਤ ਸਰਕਾਰੀ ਸਿਹਤ ਸੰਸਥਾ ਵਿਚ ਜਾਂਚ ਕਰਵਾਈ ਜਾਵੇ। ਕਾਰਜਕਾਰੀ ਸਿਵਲ ਸਰਜਨ ਡਾ. ਰੇਨੂੰ ਸਿੰਘ ਨੇ ਕਿਹਾ ਕਿ ਅੱਜਕਲ ਡੇਂਗੂ ਬੁਖ਼ਾਰ ਦਾ ਮੌਸਮ ਚੱਲ ਰਿਹਾ ਹੈ, ਜਿਸ ਕਾਰਨ ਸਾਵਧਾਨੀਆਂ ਵਰਤਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਕਰਕੇ ਡੇਂਗੂ ਬੁਖ਼ਾਰ ਹੋ ਜਾਂਦਾ ਹੈ, ਜੋ ਕਾਫ਼ੀ ਖ਼ਤਰਨਾਕ ਹੈ ਅਤੇ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ। ਇਹ ਮੱਛਰ ਖੜੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਘਰ ਦੇ ਅੰਦਰ ਅਤੇ ਬਾਹਰ ਪੂਰਾ ਸਰੀਰ ਢਕਣ ਵਾਲੇ ਕੱਪੜੇ ਪਾ ਕੇ ਰੱਖੇ ਜਾਣ ਜਿਵੇਂ ਪੂਰੀਆਂ ਬਾਹਾਂ ਵਾਲੀਆਂ ਕਮੀਜ਼ਾਂ, ਪੈਂਟ/ਪਜਾਮੇ, ਸਲਵਾਰ, ਜੁਰਾਬਾਂ ਆਦਿ ਤਾਕਿ ਮੱਛਰ ਕੱਟ ਨਾ ਸਕੇ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਦੀਆਂ  ਟੀਮਾਂ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਉਣ ਅਤੇ ਇਸ ਦੇ ਫੈਲਾਅ ਨੂੰ ਰੋਕਣ ਲਈ ਪੂਰੀ ਤਰ੍ਹਾਂ ਡਟੀਆਂ ਹੋਈਆਂ ਹਨ। ਪਰ ਲੋਕਾਂ ਨੂੰ ਖ਼ੁਦ ਵੀ ਸਾਵਧਾਨੀਆਂ ਵਰਤ ਕੇ ਆਪਣਾ ਬਚਾਅ ਕਰਨ ਦੀ ਲੋੜ ਹੈ। ਜ਼ਿਲ੍ਹੇ ਦੇ ਸਾਰੇ ਸਿਹਤ ਬਲਾਕਾਂ ਅਧੀਨ ਪੈਂਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਜਾਂਚ ਤੇ ਜਾਗਰੂਕਤਾ ਮੁਹਿੰਮ ਜੰਗੀ ਪੱਧਰ ’ਤੇ ਚੱਲ ਰਹੀ ਹੈ।      
ਸਿਹਤ ਅਧਿਕਾਰੀ ਨੇ ਆਖਿਆ ਕਿ  ਜੇ ਡੇਂਗੂ ਬੁਖ਼ਾਰ ਹੋ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਮਰੀਜ਼ ਨੂੰ ਸਰਕਾਰੀ ਸਿਹਤ ਸੰਸਥਾ ਵਿਚ ਲਿਆਂਦਾ ਜਾਵੇ ਜਿਥੇ ਡੇਂਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਹੈ। ਉਨ੍ਹਾਂ ਆਖਿਆ ਕਿ  ਆਮ ਤੌਰ ’ਤੇ ਹਰ ਕਿਸਮ ਦੇ ਬੁਖ਼ਾਰ ਦੌਰਾਨ ਸਰੀਰ ਵਿਚਲੇ ਪਲੇਟਲੈੱਟਸ ਘੱਟ ਜਾਂਦੇ ਹਨ। ਬੱਕਰੀ ਦਾ ਦੁੱਧ, ਕੀਵੀ ਫਲ ਜਾਂ ਨਾਰੀਅਲ ਦਾ ਪਾਣੀ ਵਿਸ਼ੇਸ਼ ਤੌਰ ’ਤੇ ਪਲੇਟਲੈੱਟਸ ਵਧਾਉਣ ਵਿਚ ਸਹਾਈ ਨਹੀਂ ਹੁੰਦੇ। ਮਰੀਜ਼ ਤਰਲ ਪਦਾਰਥਾਂ ਜਿਵੇਂ ਪਾਣੀ, ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਸੇਵਨ ਕਰੇ ਅਤੇ ਆਰਾਮ ਕਰੇ। ਰੋਜ਼ਾਨਾ ਘੱਟੋ-ਘੱਟ ਦੋ ਲੀਟਰ ਪਾਣੀ ਦਾ ਸੇਵਨ ਕੀਤਾ ਜਾਵੇ ਜੋ ਆਮ ਤੰਦਰੁਸਤ ਵਿਅਕਤੀ ਲਈ ਵੀ ਫ਼ਾਇੰਦੇਮੰਦ ਹੁੰਦਾ ਹੈ। ਤਰਲ ਪਦਾਰਥ ਜਿਥੇ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਣ ਦਿੰਦੇ, ਉਥੇ ਸਰੀਰ ਨੂੰ ਜ਼ਰੂਰੀ ਪੋਸ਼ਕ ਵੀ ਦਿੰਦੇ ਹਨ। ਮੱਛਰ ਤੋਂ ਬਚਾਅ ਲਈ ਸਪਰੇਅ, ਕਰੀਮ, ਕੌਇਲ, ਮੱਛਰਦਾਨੀ ਜਾਂ ਹੋਰ ਅਸਰਦਾਰ ਤਰੀਕੇ ਵਰਤੇ ਜਾ ਸਕਦੇ ਹਨ।  ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

 ਡੇਂਗੂ ਬੁਖ਼ਾਰ ਦੇ ਲੱਛਣ

 ਡੇਂਗੂ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ, ਪਾਣੀ ਦੀਆਂ ਟੈਕੀਆਂ, ਫੁੱਲਾਂ ਦੇ ਗਮਲਿਆਂ, ਫ਼ਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਖ਼ਾਲੀ ਪਏ ਟਾਇਰਾਂ ਅਤੇ ਪਾਣੀ ਵਾਲੇ ਢੋਲਾਂ ਆਦਿ ਵਿਚ। ਇਨ੍ਹਾਂ ਵਿਚ ਪਾਣੀ ਖੜਾ ਨਾ ਹੋਣ ਦਿਤਾ ਜਾਵੇ।

Published on: ਅਕਤੂਬਰ 4, 2024 3:48 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।