ਮੋਰਿੰਡਾ 4 ਅਕਤੂਬਰ ( ਭਟੋਆ )
ਮੋਰਿੰਡਾ ਪੁਲਿਸ ਵੱਲੋਂ ਸਥਾਨਕ ਰਾਮਬਾਗ ਰੋਡ ਤੇ ਸਥਿਤ ਇੱਕ ਗੋਦਾਮ ਵਿੱਚੋਂ ਭਾਰੀ ਮਾਤਰਾ ਵਿੱਚ ਪਟਾਖੇ ਅਤੇ ਆਤਿਸ਼ਬਾਜ਼ੀ ਬਰਾਮਦ ਕਰਕੇ ਗੋਦਾਮ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਨੀਲ ਕੁਮਾਰ ਐਸ ਐਚ ਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਏਐਸਆਈ ਬੂਟਾ ਸਿੰਘ, ਪੁਲਿਸ ਪਾਰਟੀ ਸਮੇਤ ਪੁਰਾਣੀ ਬਸੀ ਰੋਡ ਉੱਪਰ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਤੇ ਸ਼ੱਕੀ ਲੋਕਾਂ ਦੀ ਤਲਾਸ਼ੀ ਸਬੰਧੀ ਗਸ਼ਤ ਤੇ ਮੌਜੂਦ ਸੀ ਅਤੇ ਜਦੋਂ ਇਹ ਪੁਲਿਸ ਪਾਰਟੀ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਮੋਰਿੰਡਾ ਨੇੜੇ ਪਹੁੰਚੀ ਤਾਂ ਮੁੱਖਬਰ ਖਾਸ ਵੱਲੋਂ ਇਤਲਾਹ ਦਿੱਤੀ ਗਈ ਕਿ ਮੋਰਿੰਡਾ ਦੀ ਰਾਮ ਬਾਗ ਰੋਡ ਤੇ ਸਥਿਤ ਇੱਕ ਗੋਦਾਮ ਵਿੱਚ ਭਾਰੀ ਮਾਤਰਾ ਵਿੱਚ ਪਟਾਖੇ ਅਤੇ ਆਤਸ਼ਬਾਜੀ ਜਮਾ ਕਰਕੇ ਰੱਖੇ ਹੋਏ ਹਨ ਅਤੇ ਜੇਕਰ ਇਸ ਗੋਦਾਮ ਤੇ ਤੁਰੰਤ ਰੇਡ ਕੀਤੀ ਜਾਵੇ ਤਾਂ ਸਬੰਧਿਤ ਗੋਦਾਮ ਮਾਲਕ ਨੂੰ ਮੌਕੇ ਤੇ ਹੀ ਕਾਬੂ ਕੀਤਾ ਜਾ ਸਕਦਾ। ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਏਐਸਆਈ ਬੂਟਾ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਦੱਸੇ ਗਏ ਗੁਦਾਮ ਤੇ ਰੇਡ ਕਰਨ ਉਪਰੰਤ ਜਿੱਥੇ ਭਾਰੀ ਮਾਤਰਾ ਵਿੱਚ ਆਤਿਸ਼ਬਾਜ਼ੀ ਅਤੇ ਪਟਾਖੇ ਬਰਾਮਦ ਕੀਤੇ ਗਏ , ਉੱਥੇ ਹੀ ਗੋਦਾਮ ਮਾਲਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਸੰਨੀ ਪੁੱਤਰ ਇੰਦਰਜੀਤ ਸਿੰਘ, ਵਾਰਡ ਨੰਬਰ 13 ,ਨਿੰਮ ਵਾਲਾ ਚੌਂਕ, ਮੋਰਿੰਡਾ, ਵਿਰੁੱਧ ਐਕਸਪਲੋਸਿਵ ਐਕਟ 1884 ਦੀਆਂ ਧਰਾਵਾਂ 5 ਅਤੇ 9 ਬੀ ਅਧੀਨ ਮੁਕਦਮਾ ਨੰਬਰ 97 ਦਰਜ ਕਰਕੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Published on: ਅਕਤੂਬਰ 4, 2024 2:39 ਬਾਃ ਦੁਃ