* ਪੰਚਾਇਤੀ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਮੁਕੰਮਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤਿਆਰ- ਡਾ ਪੱਲਵੀ
* 256 ਪੋਲਿੰਗ ਸਟੇਸ਼ਨਾਂ ਤੇ ਕਰੀਬ 1552 ਪੋਲਿੰਗ ਸਟਾਫ (ਸਮੇਤ ਰਿਜਰਵ ਸਟਾਫ)ਤਾਇਨਾਤ
* 7 ਅਕਤੂਬਰ ਨੂੰ ਲਏ ਜਾ ਸਕਣਗੇ ਨਾਮਜ਼ਦਗੀ ਪੱਤਰ ਵਾਪਸ ਅਤੇ 15 ਅਕਤੂਬਰ ਨੂੰ ਪੈਣਗੀਆਂ ਵੋਟਾਂ ਤੇ ਐਲਾਨੇ ਜਾਣਗੇ ਨਤੀਜੇ
ਮਾਲੇਰਕੋਟਲਾ 05 ਅਕਤੂਬਰ, ਦੇਸ਼ ਕਲਿੱਕ ਬਿਓਰੋ
ਪੰਚਾਇਤੀ ਚੋਣਾਂ ਸਬੰਧੀ ਜ਼ਿਲ੍ਹੇ ਵਿੱਚ 176 ਪੰਚਾਇਤਾਂ ਬਾਬਤ ਸਰਪੰਚਾਂ ਲਈ 649 ਅਤੇ ਪੰਚਾਂ ਲਈ 2233 ਨਾਮਜਾਦੀਆਂ ਦਾਖ਼ਲ ਹੋਈਆ ਹਨ । ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਦੱਸਿਆ ਕਿ ਬਲਾਕ ਮਾਲੇਰਕੋਟਲਾ ਵਿੱਚ ਪੰਚਾਇਤਾਂ ਦੀ ਗਿਣਤੀ 69,ਅਮਰਗੜ੍ਹ ਵਿੱਚ 60, ਅਹਿਮਦਗੜ੍ਹ ਵਿੱਚ 47 ਹੈ।
ਨਾਮਜ਼ਦਗੀਆਂ ਦਾਖਲ ਕਰਨ ਦੀ ਆਖੀਰਲੀ ਮਿਤੀ ਤੱਕ ਬਲਾਕ ਮਾਲੇਰਕੋਟਲਾ ਲਈ 247 ਸਰਪੰਚਾਂ ਲਈ ਅਤੇ 862 ਪੰਚਾਂ ਲਈ, ਅਮਰਗੜ੍ਹ ਵਿੱਚ 230 ਸਰਪੰਚਾਂ ਲਈ ਅਤੇ 736 ਪੰਚਾਂ ਲਈ ਅਤੇ ਬਲਾਕ ਅਹਿਮਦਗੜ੍ਹ ਲਈ 172 ਸਰਪੰਚਾਂ ਅਤੇ 635 ਪੰਚਾਂ ਲਈ ਨਾਮਜ਼ਦਗੀਆਂ ਦਾਖਲ ਹੋਈਆ ਹਨ ।
ਪੰਚਾਇਤੀ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਮੁਕੰਮਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 256 ਪੋਲਿੰਗ ਸਟੇਸ਼ਨਾਂ ਤੇ ਕਰੀਬ 1552 ਪੋਲਿੰਗ ਸਟਾਫ (ਸਮੇਤ ਰਿਜਰਵ ਸਟਾਫ) ਦੀ ਡਿਊਟੀ ਲਗਾਈ ਗਈ ਹੈ। ਪੰਚਾਇਤੀ ਚੋਣਾਂ ਲਈ ਨਿਯੁਕਤ ਕੀਤੇ ਜਾਣ ਵਾਲੇ ਪੋਲਿੰਗ ਸਟਾਫ ਦੀ 6,11 ਤੇ 14 ਅਕਤੂਬਰ ਨੂੰ ਹੋਣ ਵਾਲੀ ਟਰੇਨਿੰਗ ਲਈ ਪੋਲਿੰਗ ਸਟਾਫ ਦੀ ਸਹੂਲਤ ਲਈ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਗਏ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ । ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਅੰਦਰ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਿਖਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਇਸ ਲਈ ਉਹ ਆਪਣੀ ਨਿਰਧਾਰਿਤ ਖਰਚ ਸੀਮਾਂ ਵਿੱਚ ਖਰਚ ਕਰਨ ਨੂੰ ਯਕੀਨੀ ਬਣਾਉਣ ।
ਉਨ੍ਹਾਂ ਦੱਸਿਆ ਕਿ ਕਾਗਜ਼ਾਂ ਦੀ ਪੜਤਾਲ ਅੱਜ 5 ਅਕਤੂਬਰ, 2024 ਨੂੰ ਕੀਤੀ ਜਾਵੇਗੀ, ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 7 ਅਕਤੂਬਰ, 2024 ਨੂੰ ਬਾਅਦ ਦੁਪਹਿਰ 3:00 ਵਜੇ ਤੱਕ ਹੈ।