ਅਕਾਲੀ ਦਲ ਤੇ ਆਮ ਆਦਮੀ ਪਾਰਟੀ ’ਚ ਹੋਈ ਝੜਪ
ਜਲਾਲਾਬਾਦ, 6 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਦੇਰ ਸ਼ਾਮ ਨੂੰ ਜਲਾਲਾਬਾਦ ਵਿਖੇ ਬੀਡੀਪੀਓ ਦਫ਼ਤਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਆਪਸੀ ਹੋਈ ਬੋਲਚਾਲ ਦਾ ਮਾਮਲਾ ਇਨ੍ਹਾਂ ਵਧ ਗਿਆ ਕਿ ਗੋਲੀ ਤੱਕ ਚਲ ਗਈ।
ਇਸ ਘਟਨਾ ਵਿੱਚ ਪਿੰਡ ਮੋਹਮਦੇ ਵਾਲਾ ਦੇ ਸਰਪੰਚ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਦੀਪ ਬਰਾੜ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ, ਇੱਥੋਂ ਡੀਐਮਸੀ ਭੇਜ ਦਿੱਤਾ ਗਿਆ।
ਇਹ ਝਗੜਾ ਉਸ ਸਮੇਂ ਹੋਇਆ ਦੱਸਿਆ ਜਾ ਰਿਹਾ ਹੈ ਜਦੋਂ ਨਾਮਜ਼ਦਗੀ ਪੱਤਰਾਂ ਦੀ ਸ਼ਨੀਵਾਰ ਨੂੰ ਸਕੂਰਟਨੀ ਕੀਤੀ ਜਾ ਰਹੀ ਸੀ। ਇਸ ਦੌਰਾਨ ਮੋਹਮਦੇ ਵਾਲਾ ਦੇ ਸਰਪੰਚ ਲਈ ਉਮੀਦਵਾਰ ਮਨਦੀਪ ਬਰਾੜ ਅਤੇ ਅਕਾਲੀ ਦਲ ਦੇ ਆਗੂ ਨੋਨੀ ਮਾਨ ਦੇ ਸਮਰਥਕਾਂ ਵਿੱਚ ਆਪਸੀ ਬਹਿਸਬਾਜ਼ੀ ਹੋ ਗਈ, ਜੋ ਹੱਥੋਪਾਈ ਤੱਕ ਪਹੁੰਚ ਗਈ। ਇਸ ਤੋਂ ਬਾਅਦ ਇੱਥੇ ਗੋਲੀ ਚਲਾਈ ਗਈ।
ਜਲਾਲਾਬਾਦ ਤੋਂ ‘ਆਪ’ ਵਿਧਾਇਕ ਗੋਲਡੀ ਕੰਬੋਜ ਨੇ ਇਹ ਗੋਲੀ ਮਾਰਨ ਸਬੰਧੀ ਅਕਾਲੀ ਦਲ ਉਤੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਮਨਦੀਪ ਬਰਾੜ ਦੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਦੋਂ ਕਿ ਦੂਜੇ ਵਿਅਕਤੀ ਦੇ ਹੱਥ ਵਿੱਚ ਗੋਲੀ ਲਈ ਹੈ।
ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।