ਚੇਨਈ, 7 ਅਕਤੂਬਰ, ਦੇਸ਼ ਕਲਿਕ ਬਿਊਰੋ :
8 ਅਕਤੂਬਰ ਨੂੰ ਭਾਰਤੀ ਹਵਾਈ ਸੈਨਾ ਦੇ 92ਵੇਂ ਸਥਾਪਨਾ ਦਿਵਸ ਤੋਂ ਪਹਿਲਾਂ ਐਤਵਾਰ ਨੂੰ ਚੇਨਈ ਵਿੱਚ ਇੱਕ ਏਅਰ ਸ਼ੋਅ ਹੋਇਆ। ਇਸ ਨੂੰ ਦੇਖਣ ਲਈ ਮਰੀਨਾ ਬੀਚ ‘ਤੇ 15 ਲੱਖ ਲੋਕ ਇਕੱਠੇ ਹੋਏ ਸਨ। ਭਾਰੀ ਭੀੜ ਅਤੇ ਗਰਮੀ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ 200 ਤੋਂ ਵੱਧ ਲੋਕ ਬੇਹੋਸ਼ ਹੋ ਗਏ।
ਇਸ ਏਅਰ ਸ਼ੋਅ ਨੂੰ ਦੇਖਣ ਲਈ ਇਕੱਠੀ ਹੋਈ ਭਾਰੀ ਭੀੜ ਕਾਰਨ ਇਸ ਦਾ ਨਾਂ ਲਿਮਕਾ ਬੁੱਕ ਆਫ ਵਰਲਡ ਰਿਕਾਰਡ ‘ਚ ਦਰਜ ਹੋ ਗਿਆ ਹੈ। ਇਹ ਸ਼ੋਅ ਸਵੇਰੇ 11 ਵਜੇ ਸ਼ੁਰੂ ਹੋਇਆ ਅਤੇ ਦੋ ਘੰਟੇ ਤੱਕ ਚੱਲਿਆ। ਹਾਲਾਂਕਿ ਮਰੀਨਾ ਬੀਚ ‘ਤੇ 8 ਵਜੇ ਤੋਂ ਹੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਸ ਦੌਰਾਨ ਤਾਪਮਾਨ 36 ਡਿਗਰੀ ਤੱਕ ਪਹੁੰਚ ਗਿਆ ਸੀ।
ਐਮਰਜੈਂਸੀ ਲਈ 40 ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਜ਼ਿਆਦਾ ਭੀੜ ਕਾਰਨ ਉਹ ਵੀ ਨਹੀਂ ਜਾ ਸਕੀਆਂ। ਸੈਂਕੜੇ ਲੋਕਾਂ ਨੂੰ ਜਾਮ ਨਾਲ ਭਰੀਆਂ ਸੜਕਾਂ ‘ਤੇ ਤਿੰਨ ਤੋਂ ਚਾਰ ਕਿਲੋਮੀਟਰ ਪੈਦਲ ਚੱਲਣਾ ਪਿਆ। ਉਨ੍ਹਾਂ ਵਿਚੋਂ ਬਹੁਤ ਸਾਰੇ ਬੱਚੇ ਬਹੁਤ ਥੱਕੇ ਹੋਏ ਸਨ ਅਤੇ ਪਾਣੀ ਤੋਂ ਬਿਨਾਂ ਫੁੱਟਪਾਥ ‘ਤੇ ਬੈਠੇ ਸਨ।
ਇਹ ਵੀ ਪੜ੍ਹੋ: 1800 ਕਰੋੜ ਰੁਪਏ ਦੀ ਡਰੱਗ ਫੈਕਟਰੀ ਦਾ ਪਰਦਾਫਾਸ਼
ਇਸ ਇਲਾਕੇ ਦੀਆਂ ਜ਼ਿਆਦਾਤਰ ਖਾਣ-ਪੀਣ ਦੀਆਂ ਦੁਕਾਨਾਂ ਬੰਦ ਸਨ ਅਤੇ ਜੋ ਖੁੱਲ੍ਹੀਆਂ ਸਨ ਉਨ੍ਹਾਂ ਵਿੱਚ ਵੀ ਜਲਦੀ ਹੀ ਪਾਣੀ ਅਤੇ ਸਾਫਟ ਡਰਿੰਕਸ ਖਤਮ ਹੋ ਗਏ ਸਨ।