ਫਾਜ਼ਿਲਕਾ, 7 ਅਕਤੂਬਰ, ਦੇਸ਼ ਕਲਿੱਕ ਬਿਓਰੋ
ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋ ਡੇਂਗੂ ਦੀ ਰੋਕਥਾਮ ਲਈ ਚਲਾਏ ਜਾ ਰਹੇ ਵਿਸੇਸ ਮੁਹਿੰਮ ਤਹਿਤ ਜਿਲ੍ਹਾ ਫ਼ਾਜ਼ਿਲਕਾ ਦੇ ਸਹਿਰੀ ਅਤੇ ਪੇਂਡੂ ਖੇਤਰ ਚ ਘਰ-ਘਰ ਜਾ ਕੇ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਅਤੇ ਲਾਰਵਾ ਮਿਲਣ ਵਾਲੀਆਂ ਥਾਵਾਂ ਤੇ ਲਾਰਵੀਸਾਈਡ ਦੀ ਸਪਰੇ ਕਰਵਾਈ ਜਾ ਰਹੀ ਹੈ ।
ਡਾ ਸੁਨੀਤਾ ਕੰਬੋਜ ਜਿਲਾ ਮਹਾਮਾਰੀ ਅਫਸਰ ਨੇ ਦੱਸਿਆ ਕਿ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਹੋਣ ਤੇ ਜਾਗਰੂਕ ਕਰਨ ਦੀ ਲੋੜ ਹੈ। ਇਸ ਲਈ ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋਂ ਸਰਕਾਰੀ ਸਕੂਲਾਂ ਵਿੱਚ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ ਉਨ੍ਹਾਂ ਕਿਹਾ ਡੇਂਗੂ ਬੁਖਾਰ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤੀ ਜਾਂਦੀ ਹੈ।
ਡਾਕਟਰ ਕਵਿਤਾ ਸਿੰਘ ਅਤੇ ਡਾਕਟਰ ਏਰਿਕ ਨੇ ਦੱਸਿਆ ਕਿ ਜੇਕਰ ਕਾਂਬੇ ਨਾਲ ਬੁਖਾਰ,ਤੇਜ ਸਿਰ ਦਰਦ,ਅੱਖਾਂ ਦੇ ਪਿਛਲੇ ਹਿੱਸੇ ਚ ਦਰਦ,ਮਾਸ ਪੇਸੀਆਂ ਚ ਦਰਦ,ਸਰੀਰ ਤੇ ਲਾਲ ਰੰਗ ਦੇ ਧੱਫੜ,ਨੱਕ ਜਾਂ ਮੂੰਹ ਚੋਂ ਖੂਨ ਆਉਣਾ ਆਦਿ ਲੱਛਣ ਹੋਣ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਸੰਪਰਕ ਕਰਨਾ ਚਾਹੀਦਾ ਹੈ।
ਡੇਂਗੂ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡਾਂ ਅਤੇ ਸਹਿਰਾਂ ਵਿੱਚ ਡੇਂਗੂ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਫੀਲਡ ਸਟਾਫ ਅਤੇ ਆਸ਼ਾ ਵਰਕਰਾਂ ਵੱਲੋਂ ਏਰੀਏ ਦਾ ਟੂਰ ਕਰਦੇ ਸਮੇਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਚਲਾਏ ਗਏ ਵਿਸ਼ੇਸ਼ ਅਭਿਆਨ ਤਹਿਤ ਇਸ ਸਾਲ ਸੀਜਨ ਦੌਰਾਨ ਸਿਹਤ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਸਰਵੇ ਦੌਰਾਨ ਘਰਾਂ ਅਤੇ ਘਰਾਂ ਤੋਂ ਬਾਹਰ ਪਾਣੀ ਖੜੇ ਹੋਣ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਿੱਥੇ ਲਾਰਵਾ ਮਿਲਦਾ ਹੈ ਓਥੇ ਲਾਰਵੀਸਾਈਡ ਸਪ੍ਰੇਅ ਨਾਲ ਮੌਕੇ ਤੇ ਹੀ ਨਸਟ ਕੀਤਾ ਜਾ ਰਿਹਾ ਹੈ ਅਤੇ ਅਗਲੀ ਕਾਰਵਾਈ ਲਈ ਕਾਰਜ ਸਾਧਕ ਅਫਸਰ ਨਗਰ ਕੌਸਲ ਨੂੰ ਭੇਜ ਦਿੱਤਾ ਗਿਆ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਕੂਲਾਂ ਕਾਲਜਾਂ ਅਤੇ ਸੱਥਾਂ ਵਿੱਚ ਗਰੁੱਪ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਆਪਣੇ ਘਰਾਂ ਦੇ ਆਲੇ-ਦੁਆਲੇ ਅਤੇ ਘਰਾਂ ਵਿੱਚ ਟੁੱਟ-ਫੁੱਟੇ ਬਰਤਨਾਂ, ਕੁਲਰਾਂ, ਗਮਲਿਆਂ, ਫਰਿਜ਼ਾਂ ਦੀਆਂ ਟਰੇਆਂ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਹਰੇਕ ਸ਼ੁਕਰਵਾਰ ਨੂੰ ਖੁਸ਼ਕ ਦਿਵਸ ਮਨਾ ਕੇ ਪਾਣੀ ਦੇ ਖੜੇ ਸਰੋਤਾਂ ਨੂੰ ਨਸ਼ਟ ਕਰਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਛੋਟੇ ਛੋਟੇ ਗਰੁੱਪ ਬਣਾ ਕੇ ਪਿੰਡਾਂ ਵਿੱਚ ਲੋਕਾਂ ਨੂੰ ਡੇਂਗੂ ਬੀਮਾਰੀ ਬਾਰੇ ਜਾਣਕਾਰੀ ਅਤੇ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।