ਕੰਬਾਇਨਾਂ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੀ ਕਰ ਸਕਣਗੀਆਂ ਝੋਨੇ ਦੀ ਕਟਾਈ
ਫਰੀਦਕੋਟ: 7 ਅਕਤੂਬਰ, ਦੇਸ਼ ਕਲਿੱਕ ਬਿਓਰੋ
ਮੰਡੀਆਂ ਵਿਚ ਕਿਸਾਨਾਂ ਨੂੰ ਨਮੀ ਨਾਲ ਸਬੰਧਤ ਸਮੱਸਿਆਵਾਂ ਤੋਂ ਬਚਾਉਣ ਲਈ ਜਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤ 2023 ਦੀ ਧਾਰਾ 163 ਤਹਿਤ ਕੰਬਾਇਨਾਂ ਹਾਰਵੈਸਟਰਾਂ ਨਾਲ ਝੋਨੇ ਦੀ ਕਟਾਈ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤਕ ਝੋਨੇ ਦੀ ਕਟਾਈ ਕਰਨ ਪਾਬੰਦੀ ਲਗਾਈ ਗਈ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਪਿੰਡ ਢੁੱਡੀ ਵਿਚ ਝੋਨੇ ਦੀ ਕਟਾਈ ਕਰਵਾ ਰਹੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਫਿਲਹਾਲ ਅਗੇਤੀ ਝੋਨੇ ਦੀ ਲਵਾਈ ਕੀਤੀ ਫ਼ਸਲ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ ਅਤੇ ਆਮ ਸਮੇਂ ਤੇ ਲਗਾਈ ਫ਼ਸਲ ਦੀ ਕਟਾਈ ਦਾ ਕੰਮ ਤਕਰੀਬਨ 5 ਤੋਂ 10 ਦਿਨਾਂ ਬਾਅਦ ਸ਼ੁਰੂ ਹੋਵੇਗਾ।
ਉਨਾਂ ਦੱਸਿਆ ਕਿ ਜਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਫਰੀਦਕੋਟ ਜਿਲ੍ਹੇ ਵਿੱਚ ਝੋਨੇ ਦੀ ਕਟਾਈ ਲਈ ਹਾਰਵੈਸਟ ਕੰਬਾਈਨਾਂ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੀ ਚੱਲਣਗੀਆਂ । ਉਨਾਂ ਦੱਸਿਆ ਕਿ ਮਿਥੇ ਸਮੇਂ ਤੋਂ ਬਾਅਦ ( ਸ਼ਾਮ 06.00 ਵਜੇ ਤੋਂ ਬਾਅਦ ਸਵੇਰ 10.00 ਵਜੇ ਤੱਕ ) ਝੋਨੇ ਦੀ ਕੰਬਾਈਨਾਂ ਰਾਹੀਂ ਕਟਾਈ ਤੇ ਮੁਕੰਮਲ ਤੌਰ ਤੇ ਰੋਕ ਹੋਵੇਗੀ। ਉਨਾਂ ਕਿਹਾ ਕਿ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਖਰੀਦ ਲਈ ਦਾਣਿਆਂ ਵਿਚ ਨਿਰਧਾਰਤ ਨਮੀ ਦੀ ਮਾਤਰਾ 17 ਫੀਸਦੀ ਹੋਣੀ ਚਾਹੀਦੀ ਹੈ ਅਤੇ ਕਿਸਾਨਾਂ ਵਲੋਂ ਤ੍ਰੇਲ ਵਿੱਚ ਕਟਾਈ ਕੀਤੀ ਝੋਨੇ ਦੀ ਫ਼ਸਲ ਦੇ ਦਾਣਿਆਂ ਵਿਚ ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਤੋਂ ਵਧ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਅਨਾਜ ਮੰਡੀਆਂ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਦੱਸਿਆ ਕਿ ਵਧੇਰੇ ਨਮੀ ਵਾਲੇ ਦਾਣੇ ਮੰਡੀਆਂ ਵਿੱਚ ਲਿਆਉਣ ਕਰਨ ਕਿਸਾਨਾਂ ਨੂੰ ਕਈ ਵਾਰ ਫਸਲ ਵੇਚਣ ਵਿੱਚ ਗੈਰ – ਲੋੜੀਦੀ ਦੇਰੀ ਹੁੰਦੀ ਹੈ , ਜਿਸ ਨਾਲ ਉਹਨਾਂ ਵਿੱਚ ਰੋਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਕਿਸਾਨ ਜਥੇਬੰਦੀਆਂ ਧਰਨਿਆਂ ਤੇ ਉਤਾਰੂ ਹੋ ਜਾਂਦੀਆਂ ਹਨ , ਜੋ ਕਿ ਟਰੈਫਿਕ ਸਮੱਸਿਆ ਦੇ ਨਾਲ ਨਾਲ ਅਮਨ ਕਾਨੂੰਨ ਦੀ ਸਥਿਤੀ ਲਈ ਵੀ ਮੁਸ਼ਕਿਲ ਪੈਦਾ ਕਰਦੇ ਹਨ । ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਫ਼ਸਲ ਚੰਗੀ ਤਰ੍ਹਾਂ ਪੱਕਣ ਉਪਰੰਤ ਹੀ ਕਟਾਈ ਕੀਤੀ ਜਾਵੇ ।ਉਨਾਂ ਕਿਹਾ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਲਈ ਕੰਬਾਈਨ ਹਾਰਵੈਸਟਰ ਤੇ ਸੁਪਰ ਐੱਸ ਐੱਮ ਐਸ ਲੱਗਾ ਹੋਣਾ ਜ਼ਰੂਰੀ ਹੈ ਤਾਂ ਜੋਂ ਸੁਪਰ ਸੀਡਰ ਜਾਂ ਹੋਰ ਮਸ਼ੀਨਰੀ ਨਾਲ ਕਣਕ ਦੀ ਬਿਜਾਈ ਕਰਨ ਵਿਚ ਕੋਈ ਸਮੱਸਿਆ ਨਾ ਆਵੇ।
ਉਨਾਂ ਦੱਸਿਆ ਕਿ ਜੇਕਰ ਪਰਾਲੀ ਦੀਆਂ ਬੇਲਰ ਨਾਲ ਬੇਲਜ ਬਣਾਉਣੀਆਂ ਹੋਣ ਤਾਂ ਟਰੈਕਟਰ ਵਾਲੀ ਕੰਬਾਈਨ ਮਸ਼ੀਨ ਨਾਲ ਝੋਨੇ ਦੀ ਕਟਾਈ ਕਰਵਾਈ ਜਾਵੇ ਅਤੇ ਜੇਕਰ ਬੇਲਜ਼ ਬਣਾਉਣ ਦੀ ਬਿਜਾਏ ਪਰਾਲੀ ਨੂੰ ਖੇਤ ਵਿਚ ਸੰਭਾਲ ਕਰਕੇ ਸੁਪਰ ,ਹੈਪੀ, ਸਮਾਰਟ ਜਾਂ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਹੈ, ਤਾਂ ਐੱਸ.ਐੱਮ.ਐੱਸ ਲੱਗੀ ਕੰਬਾਈਨ ਨਾਲ ਹੀ ਝੋਨੇ ਦੀ ਕਟਾਈ ਕੀਤੀ ਜਾਵੇ।ਉਨਾਂ ਸਮੂਹ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬੇਨਤੀ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਖੇਤਾਂ ਵਿਚ ਸੰਭਾਲਣ ਨਾਲ ਮਿੱਟੀ ਦੀ ਉਤਪਾਦਨ ਸ਼ਕਤੀ ਵਿਚ ਵਾਧਾ, ਫ਼ਸਲਾਂ ਦੀ ਪੈਦਾਵਾਰ ਵਿੱਚ ਵਾਧੇ ਦੇ ਨਾਲ ਖਾਦ ਦੀ ਖਪਤ ਵੀ ਘਟਦੀ ਹੈ।ਉਨਾਂ ਕਿਹਾ ਕਿ ਕਿਸਾਨਾਂ ਨੂੰ ਜੇਕਰ ਕਿਸੇ ਮਸ਼ੀਨਰੀ ਦੀ ਉਪਲੱਬਧਤਾ ਵਿਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਸ੍ਰੀ ਅਮਨ ਕੇਸ਼ਵ ਪ੍ਰੋਜੈਕਟ ਡਾਇਰਕੈਟਰ ਆਤਮਾ ਫਰੀਦਕੋਟ (81647-55422), ਸ੍ਰੀ ਗੁਰਿੰਦਰਪਾਲ ਸਿੰਘ ਖੇਤੀਬਾੜੀ ਅਫਸਰ, ਫਰੀਦਕੋਟ (95305-41497), ਸ੍ਰੀ ਰੁਪਿੰਦਰ ਸਿੰਘ, ਖੇਤੀਬਾੜੀ ਅਫਸਰ, ਫਰੀਦਕੋਟ ( 83273-11711), ਸ੍ਰੀ ਅਕਸ਼ਿਤ ਜੈਨ, ਸਹਾਇਤ ਖੇਤੀਬਾੜੀ ਇੰਜੀਨੀਅਰ, ਫਰੀਦਕੋਟ (95306-09090) ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡਾਂ ਵਿਚ ਤਾਇਨਾਤ ਨੋਡਲ ਅਫਸਰਾਂ ਕੋਲ ਵੀ ਪਿੰਡ ਵਿੱਚ ਮੌਜੂਦ ਮਸ਼ੀਨਰੀ ਬਾਰੇ ਪੂਰੀ ਜਾਣਕਾਰੀ ਉਪਲਬਧ ਹੋਵੇਗੀ ਅਤੇ ਇਨ੍ਹਾਂ ਨੋਡਲ ਅਫ਼ਸਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।