ਪੰਜਾਬ ਸਰਕਾਰ ਅਤੇ ਟਾਟਾ ਸਟੀਲ ਫਾਊਂਡੇਸ਼ਨ ਵੱਲੋਂ ਸਕਿੱਲ ਟ੍ਰੇਨਿੰਗ ਬਾਬਤ ਸਮਝੌਤਾ ਸਹੀਬੱਧ
ਚੰਡੀਗੜ੍ਹ, 7 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਪੂੰਜੀ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗ ਤੇ ਕਾਮਰਸ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਦੋਹਰਾਉਂਦਿਆਂ ਸੂਬੇ ‘ਚ ਕਿਸੇ ਵੀ ਉਦਯੋਗਪਤੀ ਨੂੰ ਕੋਈ ਵੀ ਸਮੱਸਿਆ ਨਾ ਆਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਉਦਯੋਗਿਕ ਖੇਤਰ ਵਿੱਚ ਅੱਵਲ ਸੂਬਾ ਬਣੇ ਅਤੇ ਦੇਸ਼ ਦੀ ਮਜ਼ਬੂਤ ਆਰਥਿਕਤਾ ਵਿੱਚ ਪੰਜਾਬ ਦੀ ਸਨਅਤ ਦਾ ਖਾਸ ਯੋਗਦਾਨ ਹੋਵੇ। ਉਨ੍ਹਾਂ ਕਿਹਾ ਕਿ ਇਸ ਮਕਸਦ ਦੀ ਪੂਰਤੀ ਲਈ ਸਰਕਾਰੀ ਸਕੀਮਾਂ, ਨੀਤੀਆਂ ਤੇ ਯੋਜਨਾਵਾਂ ਨੂੰ ਸਨਅਤ ਪੱਖੀ ਬਣਾਉਣ ਲਈ ਯਤਨ ਜਾਰੀ ਹਨ।
ਉਦਯੋਗ ਮੰਤਰੀ ਨੇ ਕਿਹਾ ਕਿ ਪੰਜਾਬ ਸੂਬਾ ਸਮੁੰਦਰੀ ਬੰਦਰਗਾਹ ਤੋਂ ਵਾਂਝਾ ਹੋਣ ਦੇ ਬਾਵਜੂਦ (ਲੈਂਡਲਾਕ) ਉਦਯੋਗਿਕ ਖੇਤਰ ਵਿੱਚ ਚੰਗਾ ਨਾਮਣਾ ਖੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਸ਼-ਵਿਦੇਸ਼ ਦੀਆਂ ਨਾਮੀਂ ਸਨਅਤੀ ਇਕਾਈਆਂ ਨਾਲ ਮੀਟਿੰਗਾਂ ਕਰਕੇ ਪੰਜਾਬ ਵਿੱਚ ਵੱਧ ਤੋਂ ਵੱਧ ਨਿਵੇਸ਼ ਲਿਆ ਰਹੇ ਹਨ ਅਤੇ ਅਜਿਹੇ ਵਿੱਚ ਆਉਣ ਵਾਲੇ ਸਮੇਂ ਵਿੱਚ ਸਕਿੱਲਡ ਨੌਜਵਾਨਾਂ ਦੀ ਮੰਗ ਵਿੱਚ ਵਾਧਾ ਹੋਵੇਗਾ। ਪੰਜਾਬ ਵਿੱਚ ਨੌਕਰੀਆਂ ਦੇ ਮੌਕੇ ਵੱਧ ਜਾਣ ਨਾਲ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਤੋਂ ਗੁਰੇਜ਼ ਕਰਨਗੇ ਅਤੇ ਪੰਜਾਬ ਮੁੜ ਤੋਂ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖੇਗਾ।
ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਟਾਟਾ ਸਟੀਲ ਫਾਊਂਡੇਸ਼ਨ ਨਾਲ ਇਲੈਕਟ੍ਰੀਕਲ ਲੈਬਜ਼ ਅਤੇ ਸੋਫਟ ਸਕਿੱਲ ਟ੍ਰੇਨਿੰਗ ਬਾਬਤ ਇੱਕ ਸਮਝੌਤਾ ਸਹੀਬੱਧ ਕਰਨ ਮੌਕੇ ਸੌਂਦ ਨੇ ਕਿਹਾ ਕਿ ਪ੍ਰੈਕਟੀਕਲ ਸਿਖਲਾਈ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਰੋਜ਼ਗਾਰ ਹਾਸਲ ਕਰਨ ਵਿਚ ਮਦਦ ਮਿਲਦੀ ਹੈ। ਟਾਟਾ ਸਟੀਲ ਫਾਊਂਡੇਸ਼ਨ ਆਈਟੀਆਈ ਸਮਰਾਲਾ ਅਤੇ ਆਈਟੀਆਈ ਗਿੱਲ ਰੋਡ, ਲੁਧਿਆਣਾ ਵਿਖੇ ਨੌਜਵਾਨਾਂ ਨੂੰ ਸਿਖਲਾਈ ਦੇਵੇਗੀ ਤਾਂ ਜੋ ਅਜਿਹੇ ਸਿਖਲਾਈ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਉਦਯੋਗਾਂ ਵਿਚ ਵਧੀਆ ਨੌਕਰੀਆਂ ਮਿਲ ਸਕਣ।
ਸੌਂਦ ਨੇ ਕਿਹਾ ਕਿ ਆਈਟੀਆਈ ਪ੍ਰੈਕਟੀਕਲ ਗਿਆਨ ਹਾਸਲ ਕਰਨ ਦੇ ਉੱਤਮ ਸ੍ਰੋਤਾਂ ‘ਚੋਂ ਇੱਕ ਹੈ ਅਤੇ ਟਾਟਾ ਸਟੀਲ ਵੱਲੋਂ ਦਿੱਤੀ ਸਿਖਲਾਈ ਤੋਂ ਬਾਅਦ ਨੌਜਵਾਨ ਟਾਟਾ ਸਟੀਲ ਵੱਲੋਂ 115 ਏਕੜ ‘ਚ ਲੁਧਿਆਣਾ ਵਿਖੇ ਸਥਾਪਤ ਕੀਤੇ ਜਾ ਰਹੇ ਪਲਾਂਟ ਵਿੱਚ ਹੀ ਨੌਕਰੀ ਲੈਣ ਦੇ ਯੋਗ ਹੋ ਸਕਣਗੇ। ਇੱਥੇ 700 ਦੇ ਕਰੀਬ ਨੌਜਵਾਨਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਰੋਜ਼ਗਾਰ ਮਿਲੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਟਾਟਾ ਵਰਗੀ ਦੇਸ਼ ਦੀ ਨਾਮੀਂ ਕੰਪਨੀ ਪੰਜਾਬ ਦੀ ਤਰੱਕੀ ‘ਚ ਆਪਣਾ ਯੋਗਦਾਨ ਪਾਵੇਗੀ ਅਤੇ ਵੱਧ ਤੋਂ ਵੱਧ ਪੰਜਾਬੀ ਮੁੰਡੇ-ਕੁੜੀਆਂ ਨੂੰ ਰੋਜ਼ਗਾਰ ਦੇਵੇਗੀ। ਉਨ੍ਹਾਂ ਕਿਹਾ ਕਿ ਉਂਝ ਵੀ “ਟਾਟਾ” ਭਾਰਤੀਆਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ।
ਇਸ ਮੌਕੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਟਾਟਾ ਸਟੀਲ ਦੇ ਵਾਈਸ ਪ੍ਰਧਾਨ (ਕਾਰਪੋਰੇਟ ਸੇਵਾਵਾਂ) ਚਾਣੱਕਿਆ ਚੌਧਰੀ, ਟਾਟਾ ਸਟੀਲ ਫਾਊਂਡੇਸ਼ਨ ਦੇ ਸੀਈਓ ਸੌਰਵ ਰੌਏ, ਟਾਟਾ ਸਟੀਲ ਫਾਊਂਡੇਸ਼ਨ ਸਕਿੱਲ ਡਿਵੈਲਪਮੈਂਟ ਦੇ ਮੁਖੀ ਕੈਪਟਨ ਅਮਿਤਾਬ, ਟਾਟਾ ਸਟੀਲ ਦੇ ਰੈਜ਼ੀਡੈਂਟ ਐਗਜ਼ੀਕਿਊਟਿਵ ਵਿਨਮਰਾ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।