ਪੰਜਾਬ ਵਿੱਚ ਨਰਸਿੰਗ ਦੀ ਸਿੱਖਿਆ ਅੰਤਰਰਾਸ਼ਟਰੀ ਮਿਆਰਾਂ ਦੇ ਬਰਾਬਰ ਹੋਵੇਗੀ
ਪੰਜਾਬ ਸਰਕਾਰ ਨਰਸਿੰਗ ਸਿਮੂਲੇਸ਼ਨ ਲੈਬ ਸਥਾਪਤ ਕਰਨ ਵਿੱਚ ਸਹਿਯੋਗ ਕਰੇਗੀ
250 ਨਰਸਿੰਗ ਕਾਲਜਾਂ ਦੇ 5000 ਫੈਕਲਟੀ ਮੈਂਬਰਾਂ ਨੂੰ ਪੜਾਅਵਾਰ ਸਿਖਲਾਈ ਦਿੱਤੀ ਜਾਵੇਗੀ
ਮੋਹਾਲੀ, 08 ਅਕਤੂਬਰ: ਦੇਸ਼ ਕਲਿੱਕ ਬਿਓਰੋ
ਇੱਕ ਮਹੱਤਵਪੂਰਨ ਕਦਮ ਪੁੱਟਦੇ ਹੋਏ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 250 ਨਰਸਿੰਗ ਕਾਲਜਾਂ ਦੇ 5,000 ਫੈਕਲਟੀ ਮੈਂਬਰਾਂ ਨੂੰ ਸਿਖਲਾਈ ਦੇ ਕੇ ਸਿਹਤ ਖੇਤਰ ਦੀ ਕਾਇਆ ਕਲਪ ਕਰਨ ਲਈ ਇੱਕ ਉਤਸ਼ਾਹੀ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਨਰਸਿੰਗ ਸਿੱਖਿਆ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉੱਚਾ ਚੁੱਕਣਾ ਹੈ ਅਤੇ ਪੰਜਾਬ ਦੇ ਲੋਕਾਂ ਲਈ ਉੱਚ ਪੱਧਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣਾ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅਜਿਹੀਆਂ ਸਿਖਲਾਈ ਵਰਕਸ਼ਾਪਾਂ ਦੀ ਲੜੀ ਤਹਿਤ ਪਹਿਲੀ ਵਰਕਸ਼ਾਪ ਦਾ ਉਦਘਾਟਨ ਚੰਡੀਗੜ੍ਹ ਯੂਨੀਵਰਸਿਟੀ, (ਘੜੂੰਆਂ) ਮੁਹਾਲੀ ਦੇ ਆਡੀਟੋਰੀਅਮ ਵਿਖੇ ਕੀਤਾ ਗਿਆ, ਜਿਸ ਵਿੱਚ ਮੁਹਾਲੀ, ਰੋਪੜ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਨਰਸਿੰਗ ਸੰਸਥਾਵਾਂ ਦੇ 500 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਆਪਣੇ ਉਦਘਾਟਨੀ ਭਾਸ਼ਣ ਵਿੱਚ ਸਿਹਤ ਮੰਤਰੀ ਨੇ ਸਰਕਾਰੀ ਹਸਪਤਾਲਾਂ ਵਿੱਚ ਨਰਸਿੰਗ ਵਿਦਿਆਰਥੀਆਂ ਦੀ ਕਲੀਨਿਕਲ ਸਿਖਲਾਈ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਰਸਿੰਗ ਕਾਲਜਾਂ, ਵਿਦਿਆਰਥੀਆਂ ਅਤੇ ਸਿਹਤ ਵਿਭਾਗ ਨੂੰ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਮਰੀਜ਼ਾਂ ਦੀ ਦੇਖਭਾਲ ਮੁਹੱਈਆ ਕਰਵਾਉਣ ਲਈ ਆਪਸੀ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਰੋਕਥਾਮ ਅਤੇ ਦੇਖਭਾਲ ਤੇ ਆਧਾਰਿਤ ਜੀਵਨ ਸ਼ੈਲੀ ਵਿੱਚ ਤਬਦੀਲੀਆਂ, ਸਿਹਤ ਸਿੱਖਿਆ ਵਰਗੇ ਵਿਸ਼ਿਆਂ ਬਾਰੇ ਸਿਖਲਾਈ ਵੀ ਦਿੱਤੀ ਜਾਣੀ ਚਾਹੀਦੀ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਵਿੱਚ ਰੁਜ਼ਗਾਰ ਸਿਰਜਣ ਦੀਆਂ ਸੰਭਾਵਨਾਵਾਂ ਨੂੰ ਪਛਾਣਦੇ ਹੋਏ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਹ ਪਹਿਲਕਦਮੀ ਮੁੱਖ ਮੰਤਰੀ ਭਗਵੰਤ ਮਾਨ ਦੇ ਤੰਦਰੁਸਤ ਅਤੇ ਖੁਸ਼ਹਾਲ 'ਰੰਗਲਾ ਪੰਜਾਬ' ਦੇ ਸੰਕਲਪ ਨੂੰ ਪ੍ਰਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਸਿਹਤ ਮੰਤਰੀ ਨੇ ਪੰਜਾਬ ਵਿੱਚ ਐਨ ਆਰ ਟੀ ਐਸ ਅਤੇ ਪ੍ਰਾਇਮਰੀ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਵੀ ਸ਼ੁਰੂਆਤ ਕੀਤੀ ਜੋ ਨਰਸਿੰਗ ਪੇਸ਼ੇਵਰਾਂ ਨੂੰ ਕੇਂਦਰੀ ਰਜਿਸਟ੍ਰੇਸ਼ਨ ਨਾਲ ਜੋੜਨ ਵਿੱਚ ਮਦਦ ਕਰੇਗੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਕਲੀਨਿਕਲ ਸਿਖਲਾਈ, ਐਨ ਆਰ ਟੀ ਐਸ, ਟੀ ਐਨ ਏ ਆਈ, ਉੱਤਰ ਪੱਤਰੀਆਂ ਦਾ ਔਨਲਾਈਨ ਮੁਲਾਂਕਣ, ਕਾਲਜ ਨਿਰੀਖਣ, ਅਤੇ ਕੇਂਦਰ ਸੁਪਰਡੈਂਟ, ਨਿਰੀਖਕ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਭੂਮਿਕਾਵਾਂ ਸ਼ਾਮਲ ਹਨ।
ਸਿਹਤ ਮੰਤਰੀ ਨੇ ਸਿਮੂਲੇਸ਼ਨ ਲੈਬ ਦੀ ਸਥਾਪਨਾ ਲਈ ਪੰਜਾਬ ਸਰਕਾਰ ਦੇ ਸਹਿਯੋਗ ਦਾ ਵੀ ਭਰੋਸਾ ਦਿਵਾਇਆ ਅਤੇ ਕਿਹਾ, “ਪੰਜਾਬ ਟੀ ਐਨ ਏ ਆਈ ਦੇ ਸਹਿਯੋਗ ਨਾਲ ਸਿਮੂਲੇਸ਼ਨ ਲੈਬ ਸਥਾਪਤ ਕਰਨ ਵਾਲਾ ਖੇਤਰ ਦਾ ਪਹਿਲਾ ਸੂਬਾ ਹੋਵੇਗਾ।”
ਇਸ ਦੌਰਾਨ ਡਾ. ਅਵਨੀਸ਼ ਕੁਮਾਰ, ਡਾਇਰੈਕਟਰ, ਖੋਜ ਅਤੇ ਮੈਡੀਕਲ ਸਿੱਖਿਆ ਨੇ ਮੁੱਖ ਮਹਿਮਾਨ ਅਤੇ ਹੋਰ ਡੈਲੀਗੇਟਾਂ ਦਾ ਸਵਾਗਤ ਕਰਦੇ ਹੋਏ ਵਰਕਸ਼ਾਪਾਂ ਦੀ ਲੜੀ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਪੀ.ਐਨ.ਆਰ.ਸੀ. ਦੇ ਰਜਿਸਟਰਾਰ ਡਾ. ਪੁਨੀਤ ਗਿਰਧਰ, ਡਾ. ਐਵਲਿਨ ਪੀ. ਕਾਨਨ, ਭਾਰਤ ਸਰਕਾਰ ਦੇ ਨਰਸਿੰਗ ਸਲਾਹਕਾਰ ਡਾ. ਦੀਪਿਕਾ ਸੀ. ਖਾਖਾ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਹਿਤਿੰਦਰ ਕੌਰ, ਕਾਰਪੋਰੇਟ ਆਗੂ ਅਤੇ ਉਦਯੋਗਪਤੀ ਰਾਹੁਲ ਸ਼ਰਮਾ ਨੇ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਭਾਸ਼ਣ ਦਿੱਤੇ।