ਮੋਹਾਲੀ, 8 ਅਕਤੂਬਰ: ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ 9 ਅਕਤੂਬਰ ਦਿਨ ਬੁੱਧਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਕਮਰਾ ਨੰ: 461, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਵਿਖੇ ਕੀਤਾ ਜਾ ਰਿਹਾ ਹੈ, ਜਿਸ ਦਾ ਸਮਾਂ ਸਵੇਰੇ 10:00 ਵਜੇ ਤੋਂ ਸਾਮ 2 ਵਜੇ ਤੱਕ ਹੋਵੇਗਾ।
ਡੀ.ਬੀ.ਈ.ਈ. ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਹੈ, ਜਿਸ ਦੀ ਲੜੀ ਵਿੱਚ ਮਿਤੀ 09-10-2024 (ਬੁੱਧਵਾਰ) ਨੂੰ ਪਲੇਸਮੈਂਟ ਕੈਂਪ ਆਯੋਜਨ ਕੀਤਾ ਜਾਣਾ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਸਕਿਊਰਟੀ ਗਾਰਡ ਦੀ ਭਰਤੀ ਕੀਤੀ ਜਾਵੇਗੀ। ਭਰਤੀ ਕੀਤੇ ਗਏ ਪ੍ਰਾਰਥੀਆਂ ਦੀ ਤਨਖਾਹ 17000 ਤੋਂ 19000 ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਜ਼ਿਲ੍ਹਾ ਮੋਹਾਲੀ ਹੋਵੇਗਾ।
ਉਨਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਸਿਰਫ ਲੜਕੇ ਭਾਗ ਲੈ ਸਕਦੇ ਹਨ, ਜਿਨ੍ਹਾਂ ਦਾ ਕੱਦ 168 ਸੈਂਟੀਮੀਟਰ ਹੋਵੇ ਅਤੇ ਵਜ਼ਨ 54 ਤੋਂ 95 ਕਿਲੋ ਤੱਕ ਹੋਵੇ। ਪ੍ਰਾਰਥੀਆਂ ਦੀ ਉਮਰ 19 ਤੋਂ 40 ਸਾਲ ਹੋਵੇ ਅਤੇ ਘੱਟ ਤੋ ਘੱਟ ਯੋਗਤਾ ਦਸਵੀ, ਬਾਰਵੀ ਪਾਸ ਕੀਤੀ ਹੋਵੇ, ਭਾਗ ਲੈ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਪ੍ਰਾਰਥੀ ਆਪਣਾ ਆਧਾਰ ਕਾਰਡ ਅਤੇ ਪੈਨਕਾਰਡ, ਬਾਇਓ ਡਾਟਾ ਨਾਲ ਲਿਆਉਣ। ਇਸ ਤੋ ਇਲਾਵਾ ਪ੍ਰਾਰਥੀ ਆਪਣੀ ਫਾਰਮਲ ਡਰੈਸ ਵਿੱਚ ਆਉਣ ਦੀ ਖੇਚਲ ਕਰਨ।