ਕਿਹਾ, ਸਾਡਾ ਉਦੇਸ਼ ਪੰਥ ਦੀ ਮਹਾਨ ਵਿਰਾਸਤੀ ਇਮਾਰਤ ਨੂੰ ਸੰਭਾਲ ਕੇ ਕੌਮ ਨੂੰ ਸਮਰਪਿਤ ਕਰਨਾ
ਚੰਡੀਗੜ੍ਹ, 9 ਅਕਤੂਬਰ: ਦੇਸ਼ ਕਲਿੱਕ ਬਿਓਰੋ
ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਦੋ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਲਈ ਮੁਗਲਾਂ ਦੇ ਹੁਕਮ ਦੀ ਨਾ-ਫ਼ਰਮਾਨੀ ਕਰਨ ਦੀ ਹਿੰਮਤ ਕਰਨ ਵਾਲੇ ਦੀਵਾਨ ਟੋਡਰ ਮੱਲ ਦੀ ਸ਼ਾਨਾਮੱਤੀ ਵਿਰਾਸਤ ਹੈ। ਖਸਤਾ ਹਾਲ ਦੀਵਾਨ ਟੋਡਰ ਮੱਲ ਹਵੇਲੀ ਸ੍ਰੀ ਫਤਿਹਗੜ੍ਹ ਸਾਹਿਬ, ਜਿਸ ਨੂੰ ਜਹਾਜ਼ ਹਵੇਲੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਸੰਭਾਲਣ ਅਤੇ ਵਿਰਾਸਤੀ ਦਿੱਖ ਦੇਣ ਲਈ ਸਾਰੀਆਂ ਧਿਰਾਂ ਦਾ ਸਹਿਯੋਗ ਜ਼ਰੂਰੀ ਹੈ।
ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਹੋਈ ਮੀਟਿੰਗ ਦੌਰਾਨ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡਾ ਉਦੇਸ਼ ਸਿੱਖ ਪੰਥ ਦੀ ਮਹਾਨ ਵਿਰਾਸਤੀ ਇਮਾਰਤ ਨੂੰ ਸੰਭਾਲ ਕੇ ਕੌਮ ਨੂੰ ਸਮਰਪਿਤ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਜਾਣੂ ਹੋ ਸਕਣ ਅਤੇ ਆਪਣੇ ਇਤਿਹਾਸ ‘ਤੇ ਮਾਣ ਕਰ ਸਕਣ। ਉਨ੍ਹਾਂ ਨੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੀ ਇਸ ਸੱਚੇ ਤੇ ਸੁੱਚੇ ਕਾਰਜ ਨੂੰ ਮੁਕੰਮਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸ਼ੁੱਭ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਅਤੇ ਪੰਜਾਬ ਸਰਕਾਰ ਦੇ ਪੰਜਾਬ ਟੂਰਿਜ਼ਮ ਤੇ ਪੁਰਾਤੱਤਵ ਵਿਭਾਗ ਦੇ ਆਪਸੀ ਸਹਿਯੋਗ ਨਾਲ ਮੁਕੰਮਲ ਹੋਵੇਗਾ।
ਸਪੀਕਰ ਨੇ ਦੀਵਾਨ ਟੋਡਰ ਮੱਲ ਦੀ ਅਸਾਧਾਰਣ ਦਲੇਰੀ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਨਾ ਕਬੂਲਣ ਦੇ ਦੋਸ਼ ਹੇਠ ਜਿਉਂਦਿਆਂ ਨੀਹਾਂ ਵਿੱਚ ਚਿਣਵਾਇਆ ਜਾ ਰਿਹਾ ਸੀ ਅਤੇ ਕੋਈ ਵੀ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਜ਼ਮੀਨ ਦੇਣ ਲਈ ਰਾਜ਼ੀ ਨਹੀਂ ਸੀ ਤਾਂ ਉਸ ਸਮੇਂ ਨੂੰ ਮੁਗਲਾਂ ਦੇ ਹੁਕਮ ਦੀ ਪ੍ਰਵਾਹ ਨਾ ਕਰਦਿਆਂ ਦੀਵਾਨ ਟੋਡਰ ਮੱਲ ਜੀ ਨੇ ਸੋਨੇ ਦੇ ਸਿੱਕੇ ਵਿਛਾ ਕੇ ਜ਼ਮੀਨ ਦਾ ਇੱਕ ਟੁਕੜਾ ਖਰੀਦਿਆ ਸੀ ਅਤੇ ਮੁਗਲਾਂ ਤੋਂ ਸਾਹਿਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਮਿਲਣ ਉਪਰੰਤ ਅੰਤਿਮ ਸਸਕਾਰ ਵੀ ਕੀਤਾ।
ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਸ. ਲਖਵਿੰਦਰ ਸਿੰਘ ਕਾਹਨੇ ਕੇ ਨੇ ਕਿਹਾ ਕਿ ਫਾਊਂਡੇਸ਼ਨ ਦੀਵਾਨ ਟੋਡਰ ਮੱਲ ਹਵੇਲੀ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ਲਈ ਪੂਰੀ ਸ਼ਰਧਾ ਨਾਲ ਸੇਵਾ ਕਰ ਰਹੀ ਹੈ।ਇਸੇ ਦਿਸ਼ਾ ‘ਚ ਅੱਗੇ ਵਧਦਿਆਂ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਤੋੱ ਹਵੇਲੀ ਦੀ 1911 ਦੀ ਤਸਵੀਰ ਪ੍ਰਾਪਤ ਹੋਈ ਹੈ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਜਹਾਜ਼ ਹਵੇਲੀ ਨੂੰ 18ਵੀਂ ਸਦੀ ਦਾ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਅਤੇ ਪੰਜਾਬ ਸਰਕਾਰ ਦੇ ਸਹਿਯੋਗ ਅਤੇ ਪ੍ਰਵਾਨਗੀਆਂ ਪ੍ਰਾਪਤ ਕਰਕੇ ਫਾਊਂਡੇਸ਼ਨ ਹਵੇਲੀ ਨੂੰ ਪੁਰਾਤਨ ਰੂਪ ‘ਚ ਤਿਆਰ ਕਰਨ ‘ਚ ਸਫਲ ਰਹੇਗੀ।ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਡੇਢ ਏਕੜ ਜ਼ਮੀਨ ਦੀ ਖਰੀਦ ਫਾਊਂਡੇਸ਼ਨ ਵੱਲੋਂ ਕੀਤੀ ਗਈ ਹੈ।
ਇਸ ਮੌਕੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਵਿਰਾਸਤੀ ਸਥਾਨਾਂ ਅਤੇ ਇਮਾਰਤਾਂ ਦੀ ਸਾਂਭ-ਸੰਭਾਲ ਦੇ ਮਾਹਿਰ ਇੰਜੀਨੀਅਰਾਂ ਦੀ ਟੀਮ ਵੱਲੋਂ ਹੁਣ ਤੱਕ ਕੀਤੀ ਗਈ ਖੋਜ ਸਬੰਧੀ ਇੱਕ ਪੇਸ਼ਕਾਰੀ ਵੀ ਵਿਖਾਈ ਗਈ। ਇਸ ਟੀਮ ਨੇ ਹਵੇਲੀ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ਸਬੰਧੀ ਆਪਣੇ ਕਾਰਜ ਦੀ ਸਮੁੱਚੀ ਰੂਪ-ਰੇਖਾ ਵੀ ਸਾਂਝੀ ਕੀਤੀ ਅਤੇ ਐਸ.ਜੀ.ਪੀ.ਸੀ. ਅਤੇ ਟੂਰਿਜ਼ਮ ਤੇ ਪੁਰਾਤੱਤਵ ਵਿਭਾਗ ਪੰਜਾਬ ਦੇ ਨੁਮਾਇੰਦਿਆਂ ਵੱਲੋਂ ਪੁੱਛੇ ਸਵਾਲਾਂ ਅਤੇ ਵਿਰਾਸਤੀ ਇਮਾਰਤ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਸਬੰਧੀ ਵੀ ਵਿਸਥਾਰ ‘ਚ ਚਾਣਨਾ ਪਾਇਆ।
ਇਸ ਮੌਕੇ ਵਿਧਾਇਕ ਫਤਿਹਗੜ੍ਹ ਸਾਹਿਬ ਸ. ਲਖਬੀਰ ਸਿੰਘ ਰਾਏ, ਡਾਇਰੈਕਟਰ ਪੰਜਾਬ ਟੂਰਿਜ਼ਮ ਤੇ ਪੁਰਾਤੱਤਵ ਵਿਭਾਗ ਸ੍ਰੀਮਤੀ ਅੰਮਿਤ ਸਿੰਘ, ਐਸ.ਐਸ.ਪੀ ਸ੍ਰੀ ਫਹਿਤਗੜ੍ਹ ਸਾਹਿਬ ਡਾ. ਰਵਜੋਤ ਕੌਰ ਗਰੇਵਾਲ, ਮਹਾਰਾਣੀ ਪ੍ਰੀਤੀ ਸਿੰਘ ਰਿਆਸਤ ਨਾਭਾ, ਐਸ.ਜੀ.ਪੀ.ਸੀ. ਦੇ ਨੁਮਾਇੰਦੇ ਅਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਸ. ਗੁਰਦੀਪ ਸਿੰਘ ਕੰਗ, ਉੱਘੇ ਵਕੀਲ ਸ੍ਰੀ ਐਚ.ਸੀ. ਅਰੋੜਾ ਤੋਂ ਇਲਾਵਾ ਐਸ.ਜੀ.ਪੀ.ਸੀ., ਪੰਜਾਬ ਟੂਰਿਜ਼ਮ ਤੇ ਪੁਰਾਤੱਤਵ ਵਿਭਾਗ ਅਤੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਨੁਮਾਇੰਦੇ ਹਾਜ਼ਰ ਸਨ।