ਦੋਰਾਹਾ, 10 ਅਕਤੂਬਰ, ਦੇਸ਼ ਕਲਿਕ ਬਿਊਰੋ :
ਦੋਰਾਹਾ ਨਹਿਰ ਦੇ ਪੁਲ ‘ਤੇ ਇਕ ਟਰੱਕ ਨੇ ਇਕ ਔਰਤ ਅਤੇ ਉਸ ਦੇ ਇਕ ਸਾਲ ਦੇ ਮਾਸੂਮ ਬੱਚੇ ਨੂੰ ਕੁਚਲ ਦਿੱਤਾ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਔਰਤ ਦਾ ਪਤੀ ਅਤੇ ਦੋ ਹੋਰ ਬੱਚੇ ਵਾਲ ਵਾਲ ਬਚ ਗਏ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਲੁਧਿਆਣਾ ਦੇ ਰਹਿਣ ਵਾਲੇ ਰਾਮੂ ਵਰਮਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਜ਼ੀਰਕਪੁਰ ਵਿੱਚ ਹੈ। ਉਹ ਵਿਆਹ ‘ਚ ਸ਼ਾਮਲ ਹੋਣ ਲਈ ਸਕੂਟਰ ‘ਤੇ ਜਾ ਰਿਹਾ ਸੀ। ਉਸ ਦੇ ਨਾਲ ਪਤਨੀ ਮੀਨੂੰ ਵਰਮਾ (35) ਅਤੇ ਤਿੰਨ ਬੇਟੇ ਸਨ। ਦੋਰਾਹਾ ਨਹਿਰ ਦੇ ਪੁਲ ’ਤੇ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਪਤਨੀ ਆਪਣੀ ਗੋਦੀ ‘ਚ ਇਕ ਸਾਲ ਦੇ ਬੱਚੇ ਸਮੇਤ ਸੜਕ ‘ਤੇ ਡਿੱਗ ਗਈ। ਟਰੱਕ ਨੇ ਦੋਵਾਂ ਨੂੰ ਕੁਚਲ ਦਿੱਤਾ।ਦੋਰਾਹਾ ਥਾਣੇ ਦੇ ਏਐਸਆਈ ਸਤਪਾਲ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ ‘ਤੇ ਉਹ ਮੌਕੇ ’ਤੇ ਪੁੱਜੇ। ਔਰਤ ਅਤੇ ਬੱਚੇ ਦੀ ਮੌਤ ਹੋ ਗਈ ਸੀ। ਟਰੱਕ ਡਰਾਈਵਰ ਦਾ ਪਤਾ ਲਗਾਉਣ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ। ਦੋਵੇਂ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।