ਬਰਨਾਲਾ, 10 ਅਕਤੂਬਰ, ਦੇਸ਼ ਕਲਿਕ ਬਿਊਰੋ :
ਬਰਨਾਲਾ ਦੀ ਲੜਕੀ ਓਮਾਨ ਵਿੱਚ ਫਸੀ ਹੋਈ ਹੈ। ਜਿੱਥੇ ਉਸ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਓਮਾਨ ‘ਚ ਫਸੀ ਹੋਈ ਉਸ ਦੀ ਬੇਟੀ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਉਸ ਦੀ ਬੇਟੀ ਮਦਦ ਦੀ ਗੁਹਾਰ ਲਗਾ ਰਹੀ ਹੈ।
ਲੜਕੀ ਦੀ ਮਾਂ ਸੁੱਖੀ ਵਾਸੀ ਬਰਨਾਲਾ ਨੇ ਦੱਸਿਆ ਕਿ ਉਸ ਦੀ ਲੜਕੀ ਗੀਤਾ ਛੇ ਮਹੀਨੇ ਪਹਿਲਾਂ ਓਮਾਨ ਗਈ ਸੀ। ਉਹ ਆਪਣੇ ਪਤੀ ਤੋਂ ਤਲਾਕਸ਼ੁਦਾ ਹੈ ਅਤੇ ਉਸਦਾ ਇੱਕ ਪੁੱਤਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਵਿਦੇਸ਼ ਜਾਣ ਤੋਂ ਬਾਅਦ ਕਾਫੀ ਪ੍ਰੇਸ਼ਾਨ ਹੈ। ਬੇਟੀ ਗੀਤਾ ਵੱਲੋਂ ਵਿਦੇਸ਼ ਤੋਂ ਰਿਕਾਰਡਿੰਗ ਭੇਜੀ ਜਾ ਰਹੀ ਹੈ ਅਤੇ ਉਹ ਲਗਾਤਾਰ ਬਚਾਉਣ ਦੀ ਗੁਹਾਰ ਲਗਾ ਰਹੀ ਹੈ। ਲੜਕੀ ਦੀ ਮਾਂ ਸੁੱਖੀ ਨੇ ਦੱਸਿਆ ਕਿ ਪਿਛਲੀ ਗੱਲਬਾਤ ਨੂੰ ਕਰੀਬ ਇੱਕ ਹਫ਼ਤਾ ਹੋ ਗਿਆ ਹੈ। ਉਸ ਦੀ ਧੀ ਨੇ ਆਪਣੀ ਪਿਛਲੀ ਗੱਲਬਾਤ ਦੌਰਾਨ ਉਸ ‘ਤੇ ਹੋਏ ਹਮਲੇ ਬਾਰੇ ਵੀ ਦੱਸਿਆ ਸੀ।
ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਚਾਹ ਦਾ ਸਟਾਲ ਚਲਾ ਕੇ ਆਪਣਾ ਗੁਜ਼ਾਰਾ ਕਰਦੀ ਹੈ। ਉਸਨੇ ਦੱਸਿਆ ਕਿ ਉਸਦੀ ਧੀ ਨੂੰ ਉਸਦੀ ਭਰਜਾਈ ਓਮਾਨ ਲੈ ਗਈ ਸੀ। ਹੁਣ ਉਹ ਉਸ ਦੀ ਧੀ ਨੂੰ ਭਾਰਤ ਵਾਪਸ ਭੇਜਣ ਲਈ 3 ਲੱਖ ਰੁਪਏ ਦੀ ਮੰਗ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਨੂੰ ਭੇਜਣ ਲਈ 70 ਹਜ਼ਾਰ ਰੁਪਏ ਅਤੇ ਏਅਰਪੋਰਟ ‘ਤੇ 15 ਹਜ਼ਾਰ ਰੁਪਏ ਦਿੱਤੇ ਸਨ। ਇਹ ਸਾਰਾ ਪੈਸਾ ਉਸ ਨੇ ਕਰਜ਼ਾ ਲੈ ਕੇ ਇਕੱਠਾ ਕੀਤਾ ਸੀ।
Published on: ਅਕਤੂਬਰ 10, 2024 5:23 ਬਾਃ ਦੁਃ