ਸਵੈ ਇੱਛਾ ਨਾਲ ਖ਼ੂਨ ਦਾਨ ਕਰਨ ਵਾਲੇ ਸਾਡੇ ਨਾਇਕ : ਸਿਹਤ ਮੰਤਰੀ

ਪੰਜਾਬ

ਪਟਿਆਲਾ, 10 ਅਕਤੂਬਰ: ਦੇਸ਼ ਕਲਿੱਕ ਬਿਓਰੋ
ਸਵੈ ਇੱਛਾ ਨਾਲ ਖ਼ੂਨਦਾਨ ਕਰਨ ਵਾਲਿਆਂ ‘ਚ ਪੰਜਾਬ ਦੇਸ਼ ਦੇ ਪਹਿਲੇ ਤਿੰਨ ਸੂਬਿਆ ਵਿੱਚ ਸ਼ਾਮਲ ਹੈ ਜੋ ਸੂਬਾ ਵਾਸੀਆਂ ਲਈ ਮਾਣ ਦੀ ਗੱਲ ਹੈ। ਇਹ ਪ੍ਰਗਟਾਵਾਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਕੌਮੀ ਸਵੈ ਇੱਛਕ ਖ਼ੂਨਦਾਨ ਦਿਵਸ ਮੌਕੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਸਵੈ ਇੱਛਕ ਖ਼ੂਨਦਾਨੀਆਂ ਤੇ ਸੰਸਥਾਵਾਂ ਨੂੰ ਸਨਮਾਨਿਤ ਕਰਦਿਆਂ ਕੀਤਾ। ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਰਿੰਦਰ ਕੁਮਾਰ ਸ਼ਰਮਾ ਵੀ ਮੌਜੂਦ ਸਨ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਵੈ ਇੱਛਾ ਨਾਲ ਖ਼ੂਨਦਾਨ ਕਰਨ ਵਾਲੇ ਸਾਡੇ ਨਾਇਕ ਹਨ, ਜੋ ਉਨ੍ਹਾਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦੇ ਹਨ ਜਿਨ੍ਹਾਂ ਨੂੰ ਖ਼ੂਨ ਦੀ ਜ਼ਰੂਰ ਹੁੰਦੀ ਹੈ ਤੇ ਇਸ ਦਾ ਕੋਈ ਹੋਰ ਬਦਲ ਵੀ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਇਸ ਦਿਵਸ ਦਾ ਥੀਮ ਵੀ ‘ਖ਼ੂਨਦਾਨ ਦਾ ਜਸ਼ਨ ਮਨਾਉਣ ਦੇ 20 ਸਾਲ ਖ਼ੂਨਦਾਨੀਆਂ ਦਾ ਧੰਨਵਾਦ’ ਹੈ, ਜੋ ਇਸ ਗੱਲ ਦੀ ਜਿਊਂਦੀ ਜਾਗਦੀ ਮਿਸਾਲ ਹੈ ਕਿ ਸਵੈ ਇੱਛਾ ਨਾਲ ਆਪਣਾ ਖ਼ੂਨ ਦਾਨ ਕਰਨ ਵਾਲਿਆਂ ਨੇ ਕਰੋੜਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਕੇ ਅਸੀਂ ਸਹੀ ਅਰਥਾਂ ਵਿੱਚ ਸਮਾਜ ਅਤੇ ਮਾਨਵਤਾ ਦੀ ਸੇਵਾ ਕਰ ਰਹੇ ਹਾਂ।
ਡਾ. ਬਲਬੀਰ ਸਿੰਘ ਨੇ ਕਿਹਾ ਪੰਜਾਬ ਵਿੱਚ ਸਾਲ 2023-24 ਦੌਰਾਨ ਸਰਕਾਰੀ ਤੇ ਲਾਇਸੈਂਸ ਸ਼ੁਦਾ ਪ੍ਰਾਈਵੇਟ ਬਲੱਡ ਸੈਂਟਰਾਂ ਵਿੱਚ ਲਗਭਗ 4 ਲੱਖ 61 ਹਜ਼ਾਰ ਯੂਨਿਟ ਖ਼ੂਨ ਇਕੱਠਾ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਤੇ ਲਾਇਸੈਂਸ ਸ਼ੁਦਾ ਪ੍ਰਾਈਵੇਟ ਬਲੱਡ ਸੈਂਟਰਾਂ ਵਿੱਚ ਪ੍ਰਮੁੱਖ ਪੰਜ ਬਿਮਾਰੀਆਂ ਦੀ ਜਾਂਚ ਤੋਂ ਬਾਅਦ ਹੀ ਖ਼ੂਨ ਚੜ੍ਹਾਇਆ ਜਾਂਦਾ ਹੈ।
ਸਮਾਗਮ ਦੌਰਾਨ 100 ਤੋਂ ਵੱਧ ਵਾਰ ਖ਼ੂਨਦਾਨ ਕਰ ਚੁੱਕੇ 25 ਪੁਰਸ਼ ਖ਼ੂਨਦਾਨੀਆਂ ਤੇ 20 ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੀਆਂ 17 ਮਹਿਲਾ ਖ਼ੂਨਦਾਨੀਆਂ, 7 ਪਤੀ-ਪਤਨੀ ਡੋਨਰਾਂ, 17 ਫੈਮਲੀ ਡੋਨਰ, 15 ਵਿਸ਼ੇਸ਼ ਲੋੜਾਂ ਵਾਲੇ ਤੇ 9 ਸਿੰਗਲ ਪਲੇਟਲੈਟ ਡੋਨਰਜ਼ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਕਾਰੀ ਮੈਡੀਕਲ ਕਾਲਜਾਂ ਦੇ ਬਲੱਡ ਸੈਂਟਰ ਵਿਚੋਂ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ ਨੇ ਪਹਿਲਾਂ ਸਥਾਨ ਹਾਸਲ ਕੀਤਾ ਤੇ ਪ੍ਰਾਈਵੇਟ ਬਲੱਡ ਸੈਂਟਰਾਂ ਵਿਚੋਂ ਦਯਾ ਨੰਦ ਮੈਡੀਕਲ ਕਾਲਜ ਲੁਧਿਆਣਾ ਤੇ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਵਿਗਿਆਨ ਅਤੇ ਖੋਜ ਵੱਲਾਂ ਅੰਮ੍ਰਿਤਸਰ, ਫੋਰਟਿਸ ਹਸਪਤਾਲ ਮੋਹਾਲੀ ਨੂੰ ਵੀ ਸਨਮਾਨਿਤ ਕੀਤਾ ਗਿਆ। ਪੀ.ਜੀ.ਆਈ ਚੰਡੀਗੜ੍ਹ ਅਤੇ ਸਰਕਾਰੀ ਮੈਡੀਕਲ ਕਾਲਜ ਸੈਕਟਰ-32 ਚੰਡੀਗੜ੍ਹ ਦੇ ਸਟਾਫ਼ ਨੂੰ ਬਲੱਡ ਟਰਾਂਸਫਿਊਜ਼ਨ ਦੇ ਖੇਤਰ ਵਿੱਚ ਅਗਵਾਈ ਕਰਨ ਲਈ ਸਨਮਾਨਿਤ ਕੀਤਾ ਗਿਆ।
ਡਾ. ਕੁਲਬੀਰ ਕੌਰ ਨੂੰ ਬਲੱਡ ਟਰਾਂਸਫਿਊਜ਼ਨ ਸਰਵਿਸਿਜ਼ ਵਿੱਚ ਪਾਏ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਆ ਗਿਆ। ਜਦਕਿ ਅਸਿਸਟੈਂਟ ਡਾਇਰੈਕਟਰ ਸੁਰਿੰਦਰ ਸਿੰਘ ਨੂੰ ਸਵੈ-ਇੱਛਾ ਨਾਲ ਖ਼ੂਨਦਾਨ ਕਰਨ ਲਈ ਲਿਖੀ ਕਿਤਾਬ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਦੇ ਸਹਾਇਕ ਡਾਇਰੈਕਟਰ ਸੁਰਿੰਦਰ ਸਿੰਘ ਵੱਲੋਂ ਲਿਖੀ ਕਿਤਾਬ ਖੂਨਦਾਨ-ਅੰਗਦਾਨ ਤੇ ਸੋਵੀਨਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰਜ਼ ਵੱਲੋਂ ਸਵੈ ਇੱਛਾ ਨਾਲ ਖੂਨਦਾਨ ਕਰਨ ਲਈ ‌ਪ੍ਰੇਰਿਤ ਕਰਦੀਆਂ 50 ਪੇਂਟਿੰਗ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ।  
ਇਸ ਮੌਕੇ ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ, ਏਡੀਸੀ ਇਸ਼ਾ ਸਿੰਗਲਾ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ, ਸਹਾਇਕ ਸਿਹਤ ਅਫ਼ਸਰ ਡਾ. ਐਸ.ਜੇ. ਸਿੰਘ, ਜ਼ਿਲ੍ਹਾ ਏਡਜ਼ ਕੰਟਰੋਲ ਸੁਸਾਇਟੀ ਦੇ ਨੋਡਲ ਅਫ਼ਸਰ ਡਾ. ਗੁਰਪ੍ਰੀਤ ਨਾਗਰਾ, ਐਡਵੋਕੇਟ ਰਾਹੁਲ ਸੈਣੀ, ਡਾ. ਬੌਬੀ ਗੁਲਾਟੀ, ਡਾ. ਸੁਨੀਤਾ ਵੀ ਮੌਜੂਦ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।