ਨੀਯਤ ਮਿਤੀ ਅਤੇ ਸਮੇਂ ਤੋਂ ਅੱਗੇ ਪਿੱਛੇ ਨਹੀਂ ਚਲਾਏ ਜਾ ਸਕਣਗੇ ਪਟਾਖੇ
ਮੋਹਾਲੀ, 11 ਅਕਤੂਬਰ: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਆਸ਼ਿਕਾ ਜੈਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਦੁਸਹਿਰਾ (12 ਅਕਤੂਬਰ), ਦੀਵਾਲੀ (31 ਅਕਤੂਬਰ), ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ (15 ਨਵੰਬਰ), ਕ੍ਰਿਸਮਿਸ ਦਿਵਸ (25 ਅਤੇ 26 ਦਸੰਬਰ) ਅਤੇ ਨਵੇਂ ਸਾਲ ਦੇ ਆਰੰਭ ਉਤਸਵ ਸਬੰਧੀ ਆਤਿਸ਼ਬਾਜ਼ੀ ਨੂੰ ਲੈ ਕੇ ਜਨਤਕ ਹਿੱਤ ਵਿੱਚ ਬੀ.ਐਨ.ਐਨ.ਐਸ. ਦੀ ਧਾਰਾ 163 ਤਹਿਤ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਇਨ੍ਹਾਂ ਤਿਉਹਾਰਾਂ/ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਹੋਏ ਡਾਇਰੈਕਟਰ, ਉਦਯੋਗ ਅਤੇ ਕਾਮਰਸ ਵਿਭਾਗ, ਪੰਜਾਬ ਸਰਕਾਰ ਵੱਲੋਂ ਮਾਨਯੋਗ ਹਾਈਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਵਿੱਚ 08 ਅਕਤੂਬਰ ਨੂੰ ਜਾਰੀ ਵਿਸਤ੍ਰਤ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਲਈ ਆਖਿਆ ਹੈ। ਕਿਉਂਕਿ ਇਨ੍ਹਾਂ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਵੱਲੋਂ ਫਾਇਰ ਕਰੈਕਰਜ਼/ਪਟਾਖਿਆਂ ਦੀ ਖਰੀਦ/ਵੇਚ ਅਤੇ ਸਟੋਰੇਜ ਕੀਤੀ ਜਾਂਦੀ ਹੈ।
ਇਨ੍ਹਾਂ ਹਦਾਇਤਾਂ ਮੁਤਾਬਕ ਪੂਰੇ ਰਾਜ ਵਿੱਚ ਲੜੀਵਾਰ ਫਾਇਰ ਪਟਾਕਿਆਂ (ਸੀਰੀਜ਼ ਪਟਾਕੇ ਜਾਂ ਲਾਰੀਆਂ) ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਅਤੇ ਵਰਤੋਂ ਤੇ ਪਾਬੰਦੀ ਹੋਵੇਗੀ। ਸਿਰਫ਼ ਹਰੇ ਪਟਾਕੇ (ਉਹ ਪਟਾਕੇ ਜੋ ਬੇਰੀਅਮ ਸਾਲਟ ਜਾਂ ਐਂਟੀਮੈਨੀ, ਲਿਥੀਅਮ, ਪਾਰਾ, ਆਰਸੈਨਿਕ, ਲੀਡ ਜਾਂ ਸਟ੍ਰੋਂਟੀਅਮ ਕ੍ਰੋਮੇਟ ਦੇ ਮਿਸ਼ਰਣ ਦੀ ਵਰਤੋਂ ਨਹੀਂ ਕਰਦੇ) ਨੂੰ ਜ਼ਿਲ੍ਹੇ ਵਿੱਚ ਵਿਕਰੀ ਅਤੇ ਵਰਤੋਂ ਲਈ ਆਗਿਆ ਦਿੱਤੀ ਜਾਵੇਗੀ, ਸਿਰਫ਼ ਇਜਾਜ਼ਤ ਵਾਲੇ ਪਟਾਕਿਆਂ ਲਈ ਵਿਕਰੀ ਲਾਇਸੰਸਸ਼ੁਦਾ ਵਪਾਰੀਆਂ ਦੁਆਰਾ ਕੀਤੀ ਜਾਵੇਗੀ, ਕੋਈ ਵੀ ਲਾਇਸੰਸਧਾਰੀ ਕਿਸੇ ਅਜਿਹੇ ਪਟਾਕੇ ਨੂੰ ਸਟੋਰ, ਪ੍ਰਦਰਸ਼ਿਤ ਜਾਂ ਵੇਚ ਨਹੀਂ ਸਕਦਾ ਹੈ, ਜਿਸਦਾ ਡੈਸੀਬਲ ਪੱਧਰ ਮਨਜ਼ੂਰਸ਼ੁਦਾ ਸੀਮਾਵਾਂ ਦੇ ਅੰਦਰ ਨਹੀਂ ਹੈ।
ਇਨ੍ਹਾਂ ਹਦਾਇਤਾਂ ਮੁਤਾਬਕ ਦੁਸਹਿਰੇ ਵਾਲੇ ਦਿਨ 12 ਅਕਤੂਬਰ ਨੂੰ ਕੇਵਲ ਸ਼ਾਮ 6 ਵਜੇ ਤੋਂ ਰਾਤ 7 ਵਜੇ ਤੱਕ ਹੀ ਫਾਇਰ ਕਰੈਕਰਜ਼/ਪਟਾਖੇ ਚਲਾਉਣ ਦੀ ਆਗਿਆ ਹੋਵੇਗੀ।
ਦੀਵਾਲੀ ਵਾਲੇ ਦਿਨ 31 ਅਕਤੂਬਰ ਨੂੰ ਕੇਵਲ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਫਾਇਰ ਕਰੈਕਰਜ਼/ਪਟਾਖੇ ਚਲਾਉਣ ਦੀ ਆਗਿਆ ਹੋਵੇਗੀ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ 15 ਨਵੰਬਰ ਨੂੰ ਕੇਵਲ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਸ਼ਾਮ 9 ਵਜੇ ਤੋਂ ਰਾਤ 10 ਵਜੇ ਤੱਕ ਹੀ ਫਾਇਰ ਕਰੈਕਰਜ਼/ਪਟਾਖੇ ਚਲਾਉਣ ਦੀ ਆਗਿਆ ਹੋਵੇਗੀ।
ਕ੍ਰਿਸਮਿਸ ਦਿਵਸ ਵਾਲੇ ਦਿਨ 25 ਅਤੇ 26 ਦਸੰਬਰ ਨੂੰ ਕੇਵਲ ਰਾਤ 11:55 ਵਜੇ ਤੋਂ ਰਾਤ 12:30 ਵਜੇ ਤੱਕ ਹੀ ਫਾਇਰ ਕਰੈਕਰਜ਼/ਪਟਾਖੇ ਚਲਾਉਣ ਦੀ ਆਗਿਆ ਹੋਵੇਗੀ।
ਨਵੇਂ ਸਾਲ ਦੇ ਆਰੰਭ ਤੋਂ 31 ਦਸੰਬਰ 2024 ਤੋਂ 01 ਜਨਵਰੀ 2025 ਨੂੰ ਕੇਵਲ ਰਾਤ 11:55 ਵਜੇ ਤੋਂ ਰਾਤ 12:30 ਵਜੇ ਤੱਕ ਹੀ ਫਾਇਰ ਕਰੈਕਰਜ਼/ਪਟਾਖੇ ਚਲਾਉਣ ਦੀ ਆਗਿਆ ਹੋਵੇਗੀ।
ਕਮਿਊਨਿਟੀ ਫਾਇਰ ਕਰੈਕਿੰਗ ਦੀ ਸੰਭਾਵਨਾ ਦਾ ਪਤਾ ਲਗਾਉਣ ਦਾ ਯਤਨ ਕੀਤਾ ਜਾਵੇਗਾ। ਕਮਿਊਨਿਟੀ ਫਾਇਰ ਕਰੈਕਿੰਗ ਨੂੰ ਉਤਸ਼ਾਹਿਤ ਕਰਨ ਲਈ, ਵਿਸ਼ੇਸ਼ ਖੇਤਰ/ਖੇਤਰਾਂ ਨੂੰ ਸਬੰਧਤ ਅਥਾਰਟੀਆਂ ਦੁਆਰਾ ਤੁਰੰਤ ਪਹਿਲਾਂ ਤੋਂ ਪਛਾਣਿਆ ਜਾਵੇਗਾ ਅਤੇ ਪਹਿਲਾਂ ਤੋਂ ਮਨੋਨੀਤ ਕੀਤਾ ਜਾਵੇਗਾ ਅਤੇ ਇਸ ਨੂੰ ਵੱਡੇ ਪੱਧਰ ਤੇ ਜਨਤਾ ਦੀ ਜਾਣਕਾਰੀ ਲਈ ਪ੍ਰਚਾਰਿਆ ਜਾਵੇਗਾ।
ਫਲਿਪਕਾਰਟ, ਅਮੈਜਨ ਸਮੇਤ ਆਦਿ ਕੋਈ ਵੀ ਈ-ਕਾਮਰਸ ਵੈਬਸਾਈਟ, ਕਿਸੇ ਵੀ ਆਨਲਾਈਨ ਆਰਡਰ ਨੂੰ ਸਵੀਕਾਰ ਨਹੀਂ ਕਰੇਗੀ ਜੋ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਅਧਿਕਾਰ ਖੇਤਰ ਦੇ ਅੰਦਰ ਪਟਾਖਿਆਂ ਦੀ ਆਨਲਾਈਨ ਵਿਕਰੀ ਨੂੰ ਪ੍ਰਭਾਵਿਤ ਕਰੇ।
ਸੀਨੀਅਰ ਕਪਤਾਨ ਪੁਲਿਸ, ਸਮੂਹ ਉਪ ਮੰਡਲ ਮੈਜਿਸਟਰੇਟਜ਼, ਸਬੰਧਤ ਵਿਭਾਗ ਅਤੇ ਪ੍ਰਦੂਸ਼ਣ ਵਿਭਾਗ ਵੱਲੋਂ ਸਰਕਾਰ ਦੀਆਂ ਉਕਤ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨ ਬਿਨ ਪਾਲਣਾ ਕੀਤੀ ਜਾਵੇਗੀ।
ਪੁਲਿਸ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਮਨਜੂਰਸ਼ੁਦਾ ਹਰੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਕੇਵਲ ਮਨਜੂਰਸ਼ੁਦਾ ਸਮੇਂ ਦੌਰਾਨ ਅਤੇ ਨਿਰਧਾਰਤ ਸਥਾਨਾਂ ਤੇ ਹੀ ਹੋਵੇ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਸੋਰਟ ਟਰਮ ਮੋਨੀਟੋਰਨਿੰਗ ਚੁਣੇ ਹੋਏ ਸ਼ਹਿਰਾਂ ਵਿੱਚ ਕਰੇਗਾ।
ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਸਰਕਾਰ, ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਵਿਸਫੋਟਕ ਨਿਯਮ-2008 ਅਧੀਨ ਸ਼ਕਤੀਆਂ ਦੀ ਵਰਤੋਂ ਨਿਰਪੱਖ ਅਤੇ ਨਿਆਂਪੂਰਨ ਢੰਗ ਨਾਲ ਕਰਨਗੇ।
9-ਨਾਨ ਅਟੈਨਮੈਂਟ ਸਿਟੀਜ਼ ਨਾਲ ਸਬੰਧਤ ਸ਼ਹਿਰਾਂ ਦੀ ਐਂਬਿਐਂਟ ਏਅਰ ਕੁਆਲਿਟੀ (Ambient Air Quality) ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਸਾਵਧਾਨੀ ਵਰਤਣਗੇ ਅਤੇ ਸੁਪਰੀਮ ਕੋਰਟ ਆਫ ਇੰਡੀਆ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਦੀ ਪਾਲਣਾ ਕਰਨਗੇ।
ਉਪਰੋਕਤ ਨਿਰਦੇਸ਼ਾਂ ਦੀ ਕੋਈ ਵੀ ਉਲੰਘਣਾ ਵਾਤਾਵਰਣ (ਸੁਰੱਖਿਆ) ਐਕਟ, 1986 ਦੀ ਧਾਰਾ 15 ਦੇ ਅਧੀਨ ਤੁਰੰਤ ਦੰਡਕਾਰੀ ਕਾਰਵਾਈ ਤੋਂ ਇਲਾਵਾ ਬੀ.ਐਨ.ਐਨ.ਐਸ. ਦੀਆਂ ਸਬੰਧਤ ਧਾਰਾਵਾਂ ਅਤੇ ਲਾਗੂ ਹੋਣ ਵਾਲੀਆਂ ਹੋਰ ਵਿਵਸਥਾਵਾਂ ਦੇ ਤਹਿਤ ਕਾਨੂੰਨੀ ਕਾਰਵਾਈ ਅਧੀਨ ਆਵੇਗੀ।
ਇਹ ਹੁਕਮ 9 ਅਕਤੂਬਰ 2024 ਤੋਂ 08 ਜਨਵਰੀ 2025 ਤੱਕ ਲਾਗੂ ਰਹੇਗਾ।