ਬੇਂਗਲੁਰੂ, 11 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਲੋਕਾਂ ਸਾਹਮਣੇ ਅਨੇਕਾਂ ਅਜਿਹੀਆਂ ਘਟਨਾਵਾਂ ਆਉਂਦੀਆਂ ਹਨ, ਜੋ ਹੈਰਾਨ ਕਰਕੇ ਰੱਖ ਦਿੰਦੀਆਂ ਹਨ। ਹੁਣ ਭਾਰਤ ਵਿੱਚ ਅਜਿਹੀ ਘਟਨਾ ਸਾਹਮਣੇ ਆਈ ਕਿ ਲੋਕ ਸੁਣਕੇ ਦੰਗ ਰਹਿ ਰਹੇ ਹਨ। ਇਹ ਤਾਂ ਬਹੁਤ ਸੁਣਿਆ ਜਾਂਦਾ ਸੀ ਕਿ ਕਿਸੇ ਸਮੇਂ ਕਬੂਤਰ ਦੇ ਰਾਹੀਂ ਸੁਨੇਹੇ ਭੇਜੇ ਜਾਂਦੇ ਸਨ, ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਕਿ ਇਕ ਵਿਅਕਤੀ ਨੇ ਕਬੂਤਰ ਦੀ ਮਦਦ ਨਾਲ 50 ਤੋਂ ਜ਼ਿਆਦਾ ਫਲੈਟਾਂ ਵਿਚ ਚੋਰੀ ਨੂੰ ਅੰਜ਼ਾਮ ਦੇ ਦਿੱਤਾ।
38 ਸਾਲਾ ਮੰਜੂਨਾਥ ਉਰਫ ਪਰਿਵਾਲਾ ਮਾਂਜਾ ਇਕ ਕਬੂਤਰ ਦੀ ਮਦਦ ਨਾਲ ਬੰਦ ਪਏ ਘਰਾਂ ਨੂੰ ਚੋਰੀ ਕਰਨ ਲਈ ਨਿਸ਼ਾਨਾ ਬਣਾਉਂਦਾ ਸੀ। ਹਸੌਰ ਵਿੱਚ ਰਹਿਣ ਵਾਲਾ ਮੰਜੂਨਾਥ ਬੇਂਗਲੁਰੂ ਦੇ ਨਾਗਰਥਪੇਟ ਦਾ ਹੈ, ਜੋ ਕਬੂਤਰ ਦੀ ਮਦਦ ਨਾਲ ਬੰਦ ਪਹਿਲਾਂ ਘਰਾਂ ਦੀ ਪਹਿਚਾਣ ਕਰਦਾ ਸੀ ਤੇ ਬਾਅਦ ਵਿੱਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੰਦਾ ਸੀ। ਮੰਜੂਨਾਥ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਪਹਿਲਾਂ ਕਬੂਤਰਾਂ ਨੂੰ ਬਿਲਡਿੰਗ ਦੇ ਆਸ-ਪਾਸ ਛੱਡ ਦਿੰਦਾ ਸੀ। ਇਹ ਪੰਛੀ ਉਡਕੇ ਕਿਸੇ ਵੀ ਬਾਲਕੋਨੀ ਵਿੱਚ ਜਾ ਕੇ ਬੈਠ ਜਾਂਦੇ ਸਨ ਅਤੇ ਜਦੋਂ ਲੋਕ ਉਸ ਨੂੰ ਦੇਖਦੇ, ਤਾਂ ਉਹ ਕਹਿੰਦਾ ਸੀ ਕਿ ਉਹ ਸਿਰਫ ਆਪਣੇ ਕਬੂਤਰ ਫੜ੍ਹਨ ਲਈ ਇੱਥੇ ਆਇਆ ਹੈ। ਆਪਣੀ ਇਸ ਚਲਾਕੀ ਨਾਲ ਉਹ ਲੋਕਾਂ ਦਾ ਧਿਆਨ ਆਪਣੇ ਤੋਂ ਹਟਾ ਦਿੰਦਾ ਸੀ ਅਤੇ ਬੜੀ ਚਲਾਕੀ ਨਾਲ ਬਿਲਡਿੰਗ ਕੈਂਪਸ ਵਿੱਚ ਦਾਖਲ ਹੋ ਜਾਂਦਾ ਸੀ।
ਇਸ ਦੌਰਾਨ ਜਦੋਂ ਉਸ ਨੂੰ ਕਿਸੇ ਬੰਦ ਘਰ ਦਾ ਪਤਾ ਲੱਗਦਾ ਤਾਂ ਉਹ ਤੁਰੰਤ ਆਪਣੇ ਹੱਥ ਦੀ ਸਫਾਈ ਦਿਖਾਉਂਦਾ ਉਥੇ ਪਹੁੰਚ ਜਾਂਦਾ ਸੀ, ਇਸ ਲਈ ਲੋਹੇ ਦੀ ਰਾਡ ਦੀ ਵਰਤੋਂ ਕਰਕੇ ਦਰਵਾਜ਼ਾ ਤੋੜ ਦਿੰਦਾ ਸੀ। ਇਹ ਹੀ ਨਹੀਂ ਘਰ ਦੀਆਂ ਚੀਜਾਂ ਜਿਵੇਂ ਅਲਮਾਰੀ ਅਤੇ ਕੈਬਨਿਟ ਨੂੰ ਵੀ ਉਹ ਇਸ ਨਾਲ ਤੋੜਦਾ ਚੋਰੀ ਕਰ ਲੈਂਦਾ ਸੀ। ਉਸਦੀ ਇਹ ਚਲਾਕੀ ਅਤੇ ਰਣਨੀਤੀ ਐਨੀ ਪ੍ਰਭਾਵੀ ਸੀ ਕਿ ਕੋਈ ਲੋਕ ਉਸਦੀਆਂ ਗਤੀਵਿਧੀਆਂ ਉਤੇ ਸ਼ੱਕ ਵੀ ਨਹੀਂ ਕਰਦੇ ਸਨ। ਪੁਲਿਸ ਨੇ ਆਖਿਰਕਾਰ ਉਸ ਨੂੰ ਗ੍ਰਿਫਤਾਰ ਕਰ ਲਿਆ, ਪ੍ਰੰਤੁ ਇਸ ਅਨੌਖੇ ਤਰੀਕੇ ਨਾਲ ਚੋਰੀ ਕਰਨ ਦੀ ਕਹਾਣੀ ਨੇ ਸਭ ਦਾ ਧਿਆਨ ਖਿੱਚਿਆ ਹੈ। ਸੋਸ਼ਲ ਮੀਡੀਆ ਇਸ ਘਟਨਾ ਨੂੰ ਲੈ ਕੇ ਕਾਫੀ ਚਰਚਾ ਚਲ ਰਹੀ ਹੈ ਅਤੇ ਮੰਜੂਨਾਥ ਦੀ ਤਕਨੀਕ ਲੋਕਾਂ ਨੂੰ ਹੈਰਾਨ ਕਰ ਰਹੀ ਹੈ।