ਅੰਮ੍ਰਿਤਸਰ, 12 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਮੌਕੇ ਲੋਕਾਂ ਨੂੰ ਸੂਬੇ ‘ਚੋਂ ਸਮਾਜਿਕ ਬੁਰਾਈਆਂ ਨੂੰ ਮਿਟਾਉਣ ਲਈ ਸੱਚ ਦੇ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ।
ਇੱਥੇ ਦੁਸਹਿਰਾ ਗਰਾਊਂਡ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਨਿਮਰ ਰਹਿਣ, ਆਪਣੇ ਗੁੱਸੇ ‘ਤੇ ਕਾਬੂ ਰੱਖਣ ਅਤੇ ਨਫ਼ਰਤ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹੋ ਤਿੰਨ ਕਾਰਕ ਸਭ ਤੋਂ ਬੁੱਧੀਮਾਨ ਰਾਜਾ ਰਾਵਣ ਦੇ ਪਤਨ ਦਾ ਕਾਰਨ ਬਣੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਭਾਈਚਾਰਕ ਸਾਂਝ ਬਰਕਰਾਰ ਰੱਖਣ ਦਾ ਉਪਦੇਸ਼ ਵੀ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਇਹ ਤਿਉਹਾਰ ਸਾਨੂੰ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਦੀ ਯਾਦ ਦਿਵਾਉਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਇਸ ਤਿਉਹਾਰ ਨੂੰ ਮਨਾਉਣ ਦੀ ਸਦੀਆਂ ਪੁਰਾਣੀ ਪਰੰਪਰਾ ਹੈ, ਜੋ ਸਮਾਜ ਵਿੱਚ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਸਮਾਨਤਾ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਲਈ ਆਦਰਸ਼ ਜੀਵਨ ਜਿਉਣ ਦਾ ਰਾਹ ਦਿਖਾਉਂਦਾ ਹੈ। ਉਨ੍ਹਾਂ ਲੋਕਾਂ ਨੂੰ ਇਹ ਖ਼ੁਸ਼ੀ ਭਰਿਆ ਤਿਉਹਾਰ ਸੂਬੇ ਵਿੱਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਇਕਜੁੱਟ ਹੋ ਕੇ ਮਨਾਉਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਤਿਉਹਾਰ ਨੂੰ ਜਾਤ-ਪਾਤ, ਨਸਲ ਅਤੇ ਰੰਗ ਦੇ ਭੇਦਭਾਵ ਤੋਂ ਉਪਰ ਉੱਠ ਕੇ ਪੂਰੇ ਧਾਰਮਿਕ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਏਕਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਦਿਨ ਸਾਨੂੰ ਸਾਰੀਆਂ ਸਮਾਜਿਕ ਬੁਰਾਈਆਂ ਤੋਂ ਛੁਟਕਾਰਾ ਪਾ ਕੇ ਆਪਣੇ ਸੂਬੇ ਨੂੰ ਦੇਸ਼ ਦਾ ਮੋਹਰੀ ਬਣਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਸਹਿਰੇ ਦਾ ਅਸਲ ਮਹੱਤਵ ਪਿਆਰ ਅਤੇ ਧਰਮ ਨਿਰਪੱਖਤਾ ਨਾਲ ਅਨਿਆਂ, ਬੁਰਾਈ ਅਤੇ ਹਉਮੈ ਵਿਰੁੱਧ ਲੜਨ ਵਿੱਚ ਹੈ।